ਸ਼ੋਭਾ ਯਾਤਰਾ ਦੇ ਉਦਘਾਟਨ ਮੌਕੇ ਸਿਆਸੀ ਆਗੂਆਂ ’ਚ ਬਹਿਸ
ਭਗਵਾਨ ਵਾਲਮੀਕਿ ਮੰਦਰ ਮੁਹੱਲਾ ਬਾਗ ਵਾਲਾ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਵੱਲੋਂ ਅੱਜ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ ਸਜਾਈ ਜਾਣ ਵਾਲੀ ਸ਼ੋਭਾ ਯਾਤਰਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿਆਸੀ ਹਸਤੀਆਂ ਆਪਸ ’ਚ ਹੀ ਉਲਝ ਪਈਆਂ। ਸ਼ੋਭਾ ਯਾਤਰਾ ਵਿੱਚ ਕਾਂਗਰਸ ਦੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ‘ਆਪ’ ਸ਼ਾਹਕੋਟ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ (ਪਿੰਦਰ) ਪੰਡੋਰੀ, ਭਾਜਪਾ ਦੇ ਰਾਣਾ ਹਰਦੀਪ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਸ਼ਾਮਲ ਸਨ। ਸ਼ੋਭਾ ਯਾਤਰਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਦੇ ਉਦਘਾਟਨ ਨੂੰ ਲੈ ਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਭਾਜਪਾ ਆਗੂ ਰਾਣਾ ਹਰਦੀਪ ਸਿੰਘ ਆਪਸ ’ਚ ਉਲਝ ਗਏ। ਮਾਮਲਾ ਇੰਨਾ ਭਖ਼ ਗਿਆ ਗਿ ਦੋਵੇ ਧਿਰਾਂ ਦੇ ਸਮਰਥਕ ਇੱਕ-ਦੂਜੇ ਨਾਲ ਸਿੱਧੇ ਹੋ ਗਏ। ਸੂਤਰਾਂ ਮੁਤਾਬਿਕ ਇਸ ਝਗੜੇ ਦੌਰਾਨ ‘ਆਪ’ ਅਤੇ ਭਾਜਪਾ ਇਕ ਪਾਸੇ ਦਿਖਾਈ ਦਿੱਤੇ। ਇਲਾਕੇ ਦੇ ਸੂਝਵਾਨ ਪਤਵੰਤਿਆਂ ਅਤੇ ਪੁਲੀਸ ਨੇ ਬੜੀ ਮੁਸ਼ਕਲ ਨਾਲ ਮਾਹੌਲ ਨੂੰ ਸ਼ਾਤ ਕੀਤਾ। ਭਗਵਾਨ ਵਾਲਮੀਕਿ ਦੇ ਪੈਰੋਕਾਰਾਂ ਨੇ ਸਿਆਸੀ ਹਸਤੀਆਂ ਦੇ ਇਸ ਵਰਤਾਰੇ ਦਾ ਬੁਰਾ ਮਨਾਇਆ। ਮਾਹੌਲ ਸ਼ਾਤ ਹੋਣ ਤੋਂ ਬਾਅਦ ਧਾਰਮਿਕ ਗ੍ਰੰਥ ਰਮਾਇਣ ਨੂੰ ਪਾਲਕੀ ਵਿੱਚ ਸੁਸ਼ੋਭਿਤ ਕਰਕੇ ਸ਼ੋਭਾ ਯਾਤਰਾ ਸ਼ੁਰੂ ਹੋਈ, ਜੋ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦੀ ਮੁੜ ਮੁਹੱਲਾ ਬਾਗਵਾਲਾ ਆ ਕੇ ਸਮਾਪਤ ਹੋਈ।