ਡੀ ਸੀ ਦਾ ਤਬਾਦਲਾ
ਅੰਮ੍ਰਿਤਸਰ: ਪੰਜਾਬ ਸਰਕਾਰ ਵਲੋਂ ਕੁੱਝ ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦਾ ਤਬਾਦਲਾ ਅੰਮ੍ਰਿਤਸਰ ਤੋਂ ਬਤੌਰ ਮੁੱਖ ਪ੍ਰਸ਼ਾਸਨ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ ਕੀਤਾ ਗਿਆ ਹੈ। ਉਨਾਂ ਦੀ ਥਾਂ 2017 ਬੈਚ ਦੇ ਆਈ ਏ ਐੱਸ ਅਧਿਕਾਰੀ ਦਲਵਿੰਦਰਜੀਤ ਸਿੰਘ ਲੈਣਗੇ, ਜੋ ਇਸ ਸਮੇਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਨ। ਸਾਕਸ਼ੀ ਸਾਹਨੀ ਨੇ ਸਤੰਬਰ 2024 ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੀ ਜ਼ਿੰਮੇਵਾਰੀ ਸੰਭਾਲੀ ਸੀ। ਭਾਰਤ-ਪਾਕਿਸਤਾਨ ਦਰਮਿਆਨ ਤਣਾਅ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜਿਥੇ ਫੌਜ ਨਾਲ ਬਿਹਤਰ ਤਾਲਮੇਲ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਸਨੀਕਾਂ ਦੀ ਸੁਰੱਖਿਆ ਯਕੀਨੀ ਬਣਾਈ, ਉਥੇ ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਤੱਕ ਸਿੱਧੀ ਪਹੁੰਚ ਕਰਕੇ ਉਹਨਾਂ ਨੇ ਖ਼ੁਦ ਕਮਾਂਡ ਸੰਭਾਲੀ ਤੇ ਹਰ ਸੰਭਵ ਮਦਦ ਪਹੁੰਚਾਈ। -ਖੇਤਰੀ ਪ੍ਰਤੀਨਿਧ
ਸੜਕ ਹਾਦਸੇ ’ਚ ਤਿੰਨ ਜ਼ਖ਼ਮੀ
ਬਲਾਚੌਰ; ਬਲਾਚੌਰ-ਰੂਪਨਗਰ ਕੌਮੀ ਮਾਰਗ ’ਤੇ ਮੁੱਤੋਂ ਅੱਡੇ ਦੇ ਨਜ਼ਦੀਕ ਅੱਜ ਦੋ ਮੋਟਰਸਾਈਕਲਾਂ ਦੀ ਟੱਕਰ ਵਿੱਚ ਤਿੰਨ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਇੱਕ ਮੋਟਰਸਾਈਕਲ, ਜਿਸ ਨੂੰ ਅਰਜਨ ਸਿੰਘ ਪੁੱਤਰ ਦੇਵਨ ਸਿੰਘ ਵਾਸੀ ਪਿੰਡ ਮਹਿਤਪੁਰ ਥਾਣਾ ਬਲਾਚੌਰ ਅਤੇ ਦੂਜੇ ਮੋਟਰਸਾਈਕਲ ਨੂੰ ਜਸਵੀਰ ਕੁਮਾਰ ਪੁੱਤਰ ਹਰਮੇਸ਼ ਕੁਮਾਰ ਵਾਸੀ ਪਿੰਡ ਕੋਹਾਰ ਥਾਣਾ ਕਾਠਗੜ੍ਹ ਮੰਡ ਚਲਾ ਰਿਹਾ ਸੀ। ਇਹ ਦੋਵੇਂ ਰੂਪਨਗਰ ਤੋਂ ਬਲਾਚੌਰ ਵੱਲ ਨੂੰ ਆ ਰਹੇ ਸਨ। ਇਸ ਦੌਰਾਨ ਜਦੋਂ ਮੁੱਤੋਂ ਅੱਡੇ ਦੇ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਦੇ ਮੋਟਰਸਾਈਕਲ ਆਪਸ ਵਿੱਚ ਟਕਰਾਅ ਗਏ। ਇਸ ਵਿੱਚ ਤਿੰਨੋਂ ਜ਼ਖ਼ਮੀ ਹੋ ਗਏ। ਐੱਸ ਐੱਸ ਐੱਫ ਦੀ ਟੀਮ ਨੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਜਿੱਥੋਂ ਪੀਜੀਆਈ ਚੰਡੀਗੜ੍ਹ ਲਈ ਰੈਫ਼ਰ ਕਰ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ
ਵਿਕਾਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ
ਜਲੰਧਰ; ਪੰਜਾਬ ਦੇ ਬਾਗ਼ਬਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਨੇ ਅੱਜ ਸ਼ਹਿਰ ਦੇ ਵਿਕਾਸ ਵਿੱਚ ਇੱਕ ਹੋਰ ਮੀਲ ਦਾ ਪੱਥਰ ਸਥਾਪਿਤ ਕਰਦਿਆਂ 120 ਫੁੱਟੀ ਰੋਡ ’ਤੇ 48 ਲੱਖ ਰੁਪਏ ਦੇ ਵਿਕਾਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਵਿਕਾਸ ਪ੍ਰਾਜੈਕਟ ਵਿੱਚ ਸਤਿਗੁਰੂ ਰਵਿਦਾਸ ਕਮਿਊਨਟੀ ਹਾਲ ਦੇ ਨਵੀਨੀਕਰਨ ਵਿੱਚ ਪਾਰਕਿੰਗ ਵਾਲੀ ਥਾਂ ਨੂੰ ਅਪਗਰੇਡ ਕਰਨਾ, ਨਵੀਂਆਂ ਟਾਈਲਾਂ ਲਗਾਉਣਾ, ਅਤਿ ਆਧੁਨਿਕ ਬਾਥਰੂਮਾਂ ਦੀ ਉਸਾਰੀ ਕਰਨਾ ਅਤੇ ਸਾਫ਼-ਸਫ਼ਾਈ ਆਦਿ ਦੇ ਕੰਮ ਸ਼ਾਮਲ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਉਪਰਾਲੇ ਕਮਿਊਨਿਟੀ ਹਾਲ ਨੂੰ ਨਵੀਂ ਦਿੱਖ ਦੇਣਗੇ। ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਕਮਿਊਨਿਟੀ ਹਾਲ ਦੇ ਨਵੀਨੀਕਰਨ ਨਾਲ ਸਥਾਨਕ ਵਾਸੀਆਂ ਨੂੰ ਹਰ ਪਖੋਂ ਅਤਿ ਆਧੁਨਿਕ ਬੁਨਿਆਦੀ ਸਹੂਲਤਾਂ ਦਾ ਬਹੁਤ ਲਾਭ ਮਿਲੇਗਾ। -ਪੱਤਰ ਪ੍ਰੇਰਕ
ਅਸਲੇ ਸਣੇ ਚਾਰ ਗ੍ਰਿਫ਼ਤਾਰ
ਅੰਮ੍ਰਿਤਸਰ; ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਦੀ ਪੁਲੀਸ ਨੇ ਚਾਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚਾਰ ਆਧੁਨਿਕ .30 ਬੋਰ ਸਟਾਰ ਮਾਰਕ ਪਿਸਤੌਲਾਂ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ। ਉਨ੍ਹਾਂ ਕਿਹਾ ਕਿ ਇਨਾਂ ਦੀ ਗ੍ਰਿਫ਼ਤਾਰੀ ਨਾਲ ਸਰਹੱਦ ਪਾਰੋਂ ਚਲ ਰਹੇ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਤਰਨ ਤਾਰਨ ਦੇ ਜੁਗਰਾਜ ਸਿੰਘ ਉਰਫ਼ ਚਿਰੀ ਵਾਸੀ ਪਿੰਡ ਭਗਵਾਨਪੁਰਾ, ਕੁਲਬੀਰ ਸਿੰਘ ਉਰਫ਼ ਨੰਨੂ ਉਰਫ਼ ਕਾਲੂ ਵਾਸੀ ਪਿੰਡ ਡਲੀਰੀ, ਅਰਸ਼ਦੀਪ ਸਿੰਘ ਵਾਸੀ ਪਿੰਡ ਡਲੀਰੀ ਅਤੇ ਨਛੱਤਰ ਸਿੰਘ ਵਾਸੀ ਪਿੰਡ ਦਿਆਲਪੁਰ ਵਜੋਂ ਹੋਈ ਹੈ। ਇਹ ਕਾਰਵਾਈ ਐੱਸ ਐੱਸ ਓ ਸੀ ਅੰਮ੍ਰਿਤਸਰ ਵੱਲੋਂ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚਾਰ ਗਲੌਕ ਪਿਸਤੌਲ ਤੇ ਦੋ ਕਿਲੋ ਹੈਰੋਇਨ ਬਰਾਮਦ ਕਰਨ ਮਗਰੋਂ ਸਾਹਮਣੇ ਆਈ ਹੈ। -ਟਨਸ
ਡਰੋਨ ਪੁਲੀਸ ਨੂੰ ਸੌਂਪਿਆ
ਤਰਨ ਤਾਰਨ: ਥਾਣਾ ਸਰਾਏ ਅਮਾਨਤ ਖਾਂ ਦੇ ਖੇਤਰ ਵਿਚਲੇ ਇਲਾਕੇ ਦੇ ਪਿੰਡ ਬੁਰਜ ਤੋਂ ਬੀ ਐੱਸ ਐੱਫ ਨੇ 20 ਅਕਤੂਬਰ ਦੀ ਰਾਤ ਨੂੰ ਪਾਕਿਸਤਾਨ ਤੋਂ ਆਇਆ ਡਰੋਨ ਆਪਣੇ ਕਬਜ਼ੇ ਵਿੱਚ ਕਰਕੇ ਪੁਲੀਸ ਹਵਾਲੇ ਕਰ ਦਿੱਤਾ| ਥਾਣਾ ਸਰਾਏ ਅਮਾਨਤ ਖਾਂ ਦੇ ਏ ਐੱਸ ਆਈ ਰਾਜਪਾਲ ਸਿੰਘ ਨੇ ਅੱਜ ਇਥੇ ਦੱਸਿਆ ਕਿ ਇਹ ਡਰੋਨ ਪਾਕਿਸਤਾਨ ਤੋਂ ਸਰਹੱਦ ਪਾਰ ਕਰਕੇ ਇੱਧਰ ਆਇਆ ਸੀ| ਇਸ ਸਬੰਧੀ ਪੁਲੀਸ ਨੇ ਏਅਰ ਕਰਾਫਟ ਐਕਟ ਦੀ ਦਫ਼ਾ 10, 11, 12 ਅਧੀਨ ਇਕ ਕੇਸ ਦਰਜ ਕੀਤਾ ਹੈ| -ਪੱਤਰ ਪ੍ਰੇਰਕ
ਲੁੱਟ-ਖੋਹ ਮਾਮਲੇ ’ਚ 4 ਕਾਬੂ
ਕਰਤਾਰਪੁਰ: ਇਥੋਂ ਨੇੜਲੇ ਪੈਟਰੋਲ ਪੰਪ ’ਤੇ ਕਰਿੰਦੇ ਕੋਲੋਂ ਲੁੱਟ-ਖੋਹ ਦੀ ਵਾਰਦਾਤ ਨੂੰ ਪੁਲੀਸ ਨੇ 48 ਘੰਟਿਆਂ ਵਿੱਚ ਹੱਲ ਕਰ ਕੇ ਦੋ ਲੱਖ 82 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਡੀ ਐੱਸ ਪੀ ਸਬ-ਡਿਵੀਜ਼ਨ ਕਰਤਾਰਪੁਰ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਕਰਤਾਰਪੁਰ ਦੇ ਸੇਖੜੀ ਪੈਟਰੋਲ ਪੰਪ ਦਾ ਕਰਿੰਦਾ ਨਕਦੀ ਜਮ੍ਹਾਂ ਕਰਾਉਣ ਲਈ ਬੈਂਕ ਜਾ ਰਿਹਾ ਸੀ। ਇਸ ਨੂੰ ਕਾਰ ਸਵਾਰ ਵਿਅਕਤੀਆਂ ਨੇ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ 4 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਸਹਾਇਕ ਸਬ-ਇੰਸਪੈਕਟਰ ਬੋਧਰਾਜ ਨੇ ਲੁੱਟ-ਖੋਹ ਦੀ ਵਾਰਦਾਤ ਵਿੱਚ ਲੋੜੀਂਦੇ ਚਾਰ ਵਿਅਕਤੀਆਂ ਨੂੰ ਲੁੱਟ ਦੀ ਵਾਰਦਾਤ ਲਈ ਵਰਤੀ ਗਈ ਕਾਰ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੁਕੇਸ਼ ਕੁਮਾਰ, ਸੂਰਜ ਕੁਮਾਰ ਵਿੱਕੀ ਤੇ ਅੰਕਿਤ ਭਾਟੀਆ ਸਾਰੇ ਵਾਸੀ ਕਰਤਾਰਪੁਰ ਵਜੋਂ ਹੋਈ ਹੈ। -ਪੱਤਰ ਪ੍ਰੇਰਕ
ਚੇਨੀ ਝਪਟੀ
ਫਗਵਾੜਾ: ਇਥੋਂ ਦੇ ਮਾਡਲ ਟਾਊਨ ਵਿੱਚ ਔਰਤ ਦੀ ਸੋਨੇ ਦੀ ਚੇਨੀ ਝਪਟ ਲਈ ਗਈ। ਜਗਪ੍ਰੀਤ ਕੌਰ ਬੇਦੀ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦੀ ਭੂਆ ਰੁਪਿੰਦਰ ਕੌਰ ਬਾਜ਼ਾਰ ਤੋਂ ਸਾਮਾਨ ਲੈ ਕੇ ਘਰ ਪਰਤ ਰਹੀਆਂ ਸਨ। ਇਸ ਦੌਰਾਨ ਇੱਕ ਮੋਟਰਸਾਈਕਲ ’ਤੇ ਸਵਾਰ ਨੌਜਵਾਨ ਆਇਆ ਤੇ ਰੁਪਿੰਦਰ ਕੌਰ ਦੇ ਗਲ ’ਚ ਪਾਈ ਚੇਨੀ ਝੱਪਟ ਕੇ ਫ਼ਰਾਰ ਹੋ ਗਿਆ। ਉਹ ਸਕੂਟਰੀ ਦਾ ਸੰਤੁਲਨ ਵਿਗੜਨ ਕਾਰਨ ਡਿੱਗ ਗਈਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਤਿੰਨ ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਘਟਨਾ ਸਬੰਧੀ ਸਿਟੀ ਪੁਲੀਸ ਨੂੰ ਸੂਚਨਾ ਦਿੱਤੀ ਗਈ ਤੇ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ ਤੇ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਆਲੇ ਦੁਆਲੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾ ਵੱਧਣ ਕਾਰਨ ਲੋਕ ਚਿੰਤਤ ਹਨ। -ਪੱਤਰ ਪ੍ਰੇਰਕ
