ਡੀਸੀ ਵੱਲੋਂ ਰਾਹਤ ਕੇਂਦਰਾਂ ਦੇ ਪ੍ਰਬੰਧਾਂ ਦਾ ਜਾਇਜ਼ਾ
ਡਿਪਟੀ ਕਮਿਸ਼ਨਰ ਜਲੰਧਰ ਹਿਮਾਂਸ਼ੂ ਅਗਰਵਾਲ ਨੇ ਸਬ ਡਿਵੀਜ਼ਨ ਸ਼ਾਹਕੋਟ ’ਚ ਬਣਾਏ ਰਾਹਤ ਕੇਂਦਰਾਂ ਅਤੇ ਬਲਾਕ ਸਾਹਕੋਟ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ। ਉਨ੍ਹਾਂ ਰਾਹਤ ਕੇਂਦਰਾਂ ਵਿੱਚ ਤਾਇਨਾਤ ਕੀਤੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਹੌਸਲਾ ਵਧਾਉਂਦਿਆ ਉਨ੍ਹਾਂ ਨੂੰ ਮਿਹਨਤ ਤੇ ਲਗਨ ਨਾਲ ਕੰਮ ਲਈ ਪ੍ਰੇਰਿਤ ਕੀਤਾ। ਉਨ੍ਹਾਂ ਹੜ੍ਹਾਂ ਦੇ ਹਾਲਾਤ ਵਿੱਚ ਅਗਾਊਂ ਉੱਚਿਤ ਪ੍ਰਬੰਧ ਕਰਨ ਦੀਆਂ ਹਦਾਇਤਾਂ ਕੀਤੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 54 ਰਾਹਤ ਕੇਂਦਰ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 8 ਰਾਹਤ ਕੇਂਦਰ ਕਾਰਜਸ਼ੀਲ ਹਨ। ਰਾਹਤ ਕੇਂਦਰਾਂ ਵਿੱਚ ਡਾਕਟਰੀ ਸਹੂਲਤਾਂ ਤੋਂ ਇਲਾਵਾ ਲੋਕਾਂ ਦੀ ਹਰ ਜ਼ਰੂਰਤ ਪੂਰੀ ਕਰਨ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸੇ ਤਰ੍ਹਾਂ ਡੀ.ਸੀ ਨੇ ਬਲਾਕ ਲੋਹੀਆਂ ਖਾਸ ਦੇ ਪਿੰਡ ਫਤਿਹਪੁਰ ਭੰਗਵਾ, ਯੂਸਫਪੁਰ, ਦਾਰੇਵਾਲ, ਗੱਟੀ ਰਾਇਪੁਰ ਅਤੇ ਗਿੱਦੜਪਿੰਡੀ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ। ਫਤਿਹਪੁਰ ਭੰਗਵਾ ਵਿੱਚ ਐੱਨਡੀਆਰਐਫ ਦੀਆਂ ਟੀਮਾਂ ਵੱਲੋਂ 10-12 ਵਿਅਕਤੀਆਂ ਨੂੰ ਰੈਸੇਕਿਊ ਕੀਤਾ ਗਿਆ। ਉਨ੍ਹਾਂ ਨੀਵੇਂ ਇਲਾਕਿਆਂ ਦੇ ਵਸਨੀਕਾਂ ਨੂੰ ਉੱਚੀਆਂ ਥਾਵਾਂ ਜਾ ਰਾਹਤ ਕੈਂਪਾਂ ਵਿੱਚ ਜਾਣ ਦੀ ਅਪੀਲ ਕੀਤੀ। ਇਸ ਮੌਕੇ ਐੱਸ.ਡੀ.ਐੱਮ. ਸ਼ੁਭੀ ਆਂਗਰਾ, ਡੀ.ਆਰ.ਓ. ਨਵਦੀਪ ਸਿੰਘ ਭੋਗਲ, ਨੋਡਲ ਅਫਸ਼ਰ ਬਲਬੀਰ ਰਾਜ ਸਿੰਘ ਅਤੇ ਕਈ ਹੋਰ ਅਧਿਕਾਰੀ ਉਨ੍ਹਾਂ ਦੇ ਨਾਲ ਸਨ।