ਡੱਲੇਵਾਲ ਵਾਸੀਆਂ ਵੱਲੋਂ ਕਰੱਸ਼ਰ ਦਾ ਵਿਰੋਧ
ਸਥਾਨਕ ਤਹਿਸੀਲ ਦੇ ਕੰਢੀ ਖੇਤਰ ਹੇਠਲੇ ਪਹਾੜੀ ਪਿੰਡ ਡੱਲੇਵਾਲ ਵਿੱਚ ਲਗਾਏ ਜਾ ਰਹੇ ਕਰੱਸ਼ਰ ਦੇ ਵਿਰੋਧ ਵਿੱਚ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਆਮ ਇਜਲਾਸ ਕਰ ਕੇ ਪਾਸ ਕੀਤਾ ਮਤਾ ਐੱਸ ਡੀ ਐੱਮ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤਾ ਗਿਆ। ਇਸ ਵਿੱਚ ਕਰੱਸ਼ਰ ਦੀ ਸ਼ੁਰੂਆਤ ਨਾਲ ਜੁੜੀਆਂ ਗਤੀਵਿਧੀਆਂ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ।
ਇਸ ਤੋਂ ਪਹਿਲਾਂ ਪਿੰਡ ਡੱਲੇਵਾਲ ਵਿੱਚ ਲੱਗ ਰਹੇ ਕਰੱਸ਼ਰ ਨੂੰ ਬੰਦ ਕਰਵਾਉਣ ਲਈ ਪਿੰਡ ਵਾਸੀਆਂ ਵੱਲੋਂ ਆਮ ਇਜਲਾਸ ਸੱਦਿਆ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਪਿੰਡ ਦੇ ਜੰਗਲ ਵਿੱਚ ਲਗਾਏ ਜਾ ਰਹੇ ਇਸ ਕਰੱਸ਼ਰ ਤੋਂ ਹੋਣ ਵਾਲੇ ਨੁਕਸਾਨ ਬਾਰੇ ਵਿਚਾਰ-ਚਰਚਾ ਕੀਤੀ। ਇਸ ਬਾਰੇ ਪਿੰਡ ਦੇ ਸਰਪੰਚ ਕਿਸ਼ਨ ਚੰਦ ਨੇ ਕਿਹਾ ਕਿ ਕਰੱਸ਼ਰ ਲੱਗਣ ਕਰ ਕੇ ਇਲਾਕੇ ਦੇ ਜੰਗਲ ਅਤੇ ਹੋਰ ਕੁਦਰਤੀ ਧਰੋਹਰ ਦਾ ਵੱਡਾ ਨੁਕਸਾਨ ਹੋਵੇਗਾ। ਇਸ ਦੇ ਵਿਰੋਧ ਵਿੱਚ ਪਿੰਡ ਵਾਸੀ ਇਕਜੁੱਟ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਕਰੱਸ਼ਰ ਦੇ ਚਾਲੂ ਹੋਣ ਨਾਲ ਸਬੰਧਤ ਚੱਲ ਰਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਪੰਚਾਇਤ ਨੇ ਮਤਾ ਪਾਸ ਕਰ ਦਿੱਤਾ ਹੈ ਅਤੇ ਇਸ ਮਤੇ ਦੀਆਂ ਕਾਪੀਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੀਆਂ ਹਨ। ਇਸ ਵਿੱਚ ਐੱਸ ਡੀ ਐੱਮ ਗੜਸ਼ੰਕਰ, ਵਣ ਵਿਭਾਗ ਦੇ ਡੀ ਐੱਫ ਓ ਗੜ੍ਹਸ਼ੰਕਰ, ਬੀ ਡੀ ਪੀ ਓ ਗੜ੍ਹਸ਼ੰਕਰ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਸ ਮਤੇ ਦੀ ਕਾਪੀ ਡੀਸੀ ਹੁਸ਼ਿਆਰਪੁਰ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਭੇਜੀ ਗਈ ਹੈ ਤਾਂ ਜੋ ਜੰਗਲ ਵਿੱਚ ਅਜਿਹੀਆਂ ਵਪਾਰਕ ਗਤੀਵਿਧੀਆਂ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਨੱਥ ਪਾਈ ਜਾ ਸਕੇ। ਇਸ ਮੌਕੇ ਪੰਚਾਇਤ ਦੇ ਸਮੂਹ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ।