ਕੌਂਸਲ ਪ੍ਰਧਾਨ ’ਤੇ ਵਿਕਾਸ ਕਾਰਜਾਂ ’ਚ ਪੱਖਪਾਤ ਕਰਨ ਦਾ ਦੋਸ਼
ਸਾਬਕਾ ਪ੍ਰਧਾਨ ਤੇ ਸਾਬਕਾ ਕੌਂਸਲਰਾਂ ਨੇ ਦੋਸ਼ ਲਾਏ
Advertisement
ਆਦਮਪੁਰ ਸ਼ਹਿਰ ’ਚ ਪਿਛਲੇ ਕਾਫੀ ਸਮੇਂ ਤੋਂ ਸਫ਼ਾਈ ਨਾ ਹੋਣ ਕਾਰਨ ਸੀਵਰੇਜ ਜਾਮ ਹੋ ਗਿਆ ਜਿਸ ਕਾਰਨ ਸ਼ਹਿਰ ਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਆ ਰਹੀਆਂ ਸਨ। ਇਸ ਸਬੰਧੀ ਮਾਰਕੀਟ ਕਮੇਟੀ ਆਦਮਪੁਰ ਦੇ ਚੇਅਰਮੈਨ ਪਰਮਜੀਤ ਸਿੰਘ ਰਾਜਵੰਸ਼, ਨਗਰ ਕੌਂਸਲ ਆਦਮਪੁਰ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ‘ਆਪ’ ਆਗੂ ਪਵਿੱਤਰ ਸਿੰਘ, ਸਾਬਕਾ ਕੌਂਸਲਰ ਚਰਨਜੀਤ ਸਿੰਘ ਸ਼ੇਰੀ, ‘ਆਪ’ ਦੇ ਸ਼ਹਿਰੀ ਪ੍ਰਧਾਨ ਜੋਗਿੰਦਰ ਪਾਲ, ਕੌਂਸਲਰ ਅਮਰੀਕ ਸਿੰਘ, ਕੌਂਸਲਰ ਸੁਰਿੰਦਰ ਪਾਲ ਸਿੱਧੂ ਤੇ ਕੌਂਸਲਰ ਬਿਕਰਮ ਬੱਧਣ ਨੇ ਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਤੇ ਉਨ੍ਹਾਂ ਦੇ ਸਾਥੀ ਕੌਂਸਲਰਾਂ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਸ਼ਹਿਰ ਦੇ ਵਿਕਾਸ ਕੰਮ ਕਰਵਾਉਣ ’ਚ ਪੱਖਪਾਤ ਕੀਤਾ ਜਾ ਰਿਹਾ ਹੈ। ਜਿਹੜੇ ਕੌਂਸਲਰ ਉਨ੍ਹਾਂ ਦੇ ਨਾਲ ਹਨ ਉਨ੍ਹਾਂ ਦੀਆਂ ਵਾਰਡਾਂ ਦੇ ਕੰਮ ਹੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਸੀਵਰੇਜ ਦੀ ਸਫਾਈ ਨਾ ਹੋਣ ਕਾਰਨ ਸ਼ਹਿਰ ’ਚ ਥਾਂ ਥਾਂ ਸੀਵਰੇਜ ਜਾਮ ਹੋ ਗਈ ਹੈ। ਇਸ ਨਾਲ ਸ਼ਹਿਰ ’ਚ ਗੰਦਗੀ ਫੈਲੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸੀਵਰੇਜ ਜਾਮ ਹੋਣ ਦੀ ਸਮੱਸਿਆ ਦਾ ਹੱਲ ਕਰਨ ਲਈ ਉਨ੍ਹਾਂ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਤੁਰੰਤ ਨਗਰ ਨਿਗਮ ਜਲੰਧਰ ਤੋਂ ਸੀਵਰੇਜ ਦੀ ਸਫਾਈ ਲਈ ਮਸ਼ੀਨਾਂ ਭੇਜੀਆਂ ਹਨ ਜੋ ਹੁਣ ਸੀਵਰੇਜ ਦੀ ਸਫਾਈ ਕਰ ਰਹੀਆਂ ਹਨ ਅਤੇ ਜਲਦ ਹੀ ਸ਼ਹਿਰ ਨਿਵਾਸੀਆਂ ਨੂੰ ਸੀਵਰੇਜ ਜਾਮ ਹੋਣ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਕੌਸਿਲ ਵੱਲੋਂ ਆਦਮਪੁਰ ਦੇ ਵਾਰਡ ਨੰਬਰ 1 ਮੁਹੱਲਾ ਗਾਂਧੀ ਨਗਰ ’ਚ ਕਰੀਬ 20 ਲੱਖ ਦੀ ਲਾਗਤ ਨਾਲ ਇੰਟਰਲਾਕ ਟਾਇਲਾਂ ਨਾਲ ਬਣਾਈ ਗਈ ਸੜਕ ਵੀ ਜਗ੍ਹਾ ਜਗ੍ਹਾ ਤੋਂ ਠੱਸ ਚੁੱਕੀ ਹੈ ।
ਕੌਂਸਲ ਪ੍ਰਧਾਨ ਨੇ ਦੋਸ਼ ਨਕਾਰੇ
Advertisementਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕਿਸੇ ਵੀ ਵਾਰਡ ’ਚ ਪੱਖਪਾਤ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹੀ ਸੀਵਰੇਜ ਦੀ ਸਫ਼ਾਈ ਲਈ ਮਸ਼ੀਨਾਂ ਭੇਜਣ ਦੀ ਸਰਕਾਰ ਕੋਲੋਂ ਮੰਗ ਕੀਤੀ ਸੀ ਤਾਂ ਹੀ ਇਹ ਮਸ਼ੀਨਾਂ ਆਈਆਂ ਹਨ। ਉਨ੍ਹਾਂ ਸ਼ਹਿਰ ਦੇ ਹਰ ਇਕ ਵਾਰਡ ਦੇ ਕੰਮ ਬਿਨਾਂ ਕਿਸੇ ਭੇਦਭਾਵ ਦੇ ਕਰਵਾਏ ਗਏ ਹਨ। ਵਿਰੋਧੀ ਜਾਣ-ਬੁੱਝ ਕੇ ਵਿਕਾਸ ਕੰਮਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ।
Advertisement
