ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਕਨਵੈਨਸ਼ਨ ਤੇ ਮੁਜ਼ਾਹਰਾ
ਇਸ ਮੌਕੇ ਸੀਪੀਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਆਰਐੱਮਪੀਆਈ ਦੇ ਕੁੱਲ ਹਿੰਦ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀਪੀਆਈ ਐੱਮਐੱਲ (ਲਿਬਰੇਸ਼ਨ) ਦੇ ਗੁਰਮੀਤ ਸਿੰਘ ਬਖਤਪੁਰਾ, ਸੀਪੀਆਈ ਐੱਮਐੱਲ (ਨਿਊਡੈਮੋਕ੍ਰੈਸੀ) ਦੇ ਅਜਮੇਰ ਸਿੰਘ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਕੰਵਲਜੀਤ ਖੰਨਾ ਨੇ ਸੰਬੋਧਨ ਦੌਰਾਨ ਕਿਹਾ ਕਿ ਇਜ਼ਰਾਈਲ ਅਮਰੀਕਾ ਦੀ ਮਦਦ ਨਾਲ ਫ਼ਲਸਤੀਨੀਆਂ ਦਾ ਨਸਲਘਾਤ ਕਰੀ ਜਾ ਰਿਹਾ ਹੈ। ਇਜ਼ਰਾਈਲ ਨੇ ਫ਼ਲਸਤੀਨੀਆਂ ਦੇ ਪ੍ਰਵਾਰਾਂ ਦੇ ਪ੍ਰਵਾਰ ਖ਼ਤਮ ਕਰ ਦਿੱਤੇ ਹਨ। ਮਰਨ ਵਾਲਿਆਂ ਵਿੱਚ ਵਧੇਰੇ ਬੱਚੇ, ਔਰਤਾਂ ਅਤੇ ਬਜ਼ੁਰਗ ਹਨ। ਫਲਸਤੀਨ ਦਾ ਗਾਜ਼ਾ ਸ਼ਹਿਰ ਜੋ ਦੁਨੀਆਂ ਦੀ ਸਭ ਤੋਂ ਸੰਘਣੀ ਆਬਾਦੀ ਵਾਲਾ ਗਿਣਿਆ ਜਾਂਦਾ ਹੈ ਉਸ ਦਾ ਵੱਡਾ ਹਿੱਸਾ ਇਜ਼ਰਾਈਲੀ ਫ਼ੌਜਾਂ ਨੇ ਤਬਾਹ ਕਰ ਦਿੱਤਾ ਹੈ। ਗਾਜ਼ਾ ਦੇ ਇਨ੍ਹਾਂ ਹਾਲਾਤਾਂ ਦੇ ਮੱਦੇ ਜ਼ਰ ਕਨਵੈਨਸ਼ਨ ਵਿੱਚ ਮਤਾ ਪਾਸ ਕੀਤਾ ਗਿਆ ਕਿ ਗਾਜ਼ਾ ’ਚੋਂ ਇਜ਼ਰਾਈਲੀ ਫ਼ੌਜਾਂ ਤੁਰੰਤ ਵਾਪਸ ਜਾਣ ਅਤੇ ਫਲਸਤੀਨ ਦੇਸ਼ ਆਜ਼ਾਦ ਕੀਤਾ ਜਾਵੇ। ਇਜ਼ਰਾਈਲ ਵੱਲੋਂ ਫਲਸਤੀਨ ’ਤੇ ਲਾਈਆਂ ਪਾਬੰਦੀਆਂ ਹਟਾਈਆਂ ਜਾਣ। ਫ਼ਲਸਤੀਨੀਆਂ ਨੂੰ ਖਾਧ ਖੁਰਾਕ ਪਹੁੰਚਾਉਣ ਲਈ ਖੁੱਲ੍ਹ ਦਿੱਤੀ ਜਾਵੇ। ਦੂਜੇ ਮਤੇ ਵਿੱਚ ਮੱਧ ਭਾਰਤ ਦੇ ਸੂਬਿਆਂ ’ਚ ਆਦਿਵਾਸੀਆਂ ਅਤੇ ਮਾਉਵਾਦੀਆਂ ਤੇ ਨਕਸਲਾਈਟਾਂ ਦੇ ਝੂਠੇ ਮੁਕਾਬਲੇ ਬੰਦ ਕੀਤੇ ਜਾਣ। ਤੀਜੇ ਮਤੇ ਵਿੱਚ ਪੰਜਾਬ ਦੇ ਲੋਕਾਂ ਦਾ ਦਰਿਆਵਾਂ ਦੇ ਹੜਾਂ ਨਾਲ ਹੋਏ ਨੁਕਸਾਨ ਦੀ ਫੌਰੀ ਤੇ ਪੂਰਤੀ ਕੀਤੀ ਜਾਵੇ। ਇਸੇ ਤਰ੍ਹਾਂ ਲੇਹ ਲਦਾਖ਼ ਦੇ ਪੂਰਨ ਰਾਜ ਲਈ ਮਤਾ ਪਾਸ ਕੀਤਾ ਗਿਆ ਅਤੇ ਸੋਨਮ ਵਾਂਗਚੁੱਕ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਪੰਜਵੇਂ ਮਤੇ ’ਚ ਬਿਹਾਰ ਤੋਂ ਬਾਅਦ ਪੰਜਾਬ ਸਣੇ ਸਾਰੇ ਦੇਸ਼ ਵਿੱਚ ਐੱਸਆਈਆਰ (ਸਪੈਸ਼ਲ ਵੋਟ ਸੋਧ) ਦੀ ਮੁਹਿੰਮ ਬੰਦ ਕਰਨ ’ਤੇ ਜ਼ੋਰ ਦਿੱਤਾ। ਕਨਵੈਨਸ਼ਨ ਦੀ ਸਟੇਜ ਦਾ ਸੰਚਾਲਨ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕੀਤਾ ਗਿਆ। ਕਨਵੈਨਸ਼ਨ ਦੀ ਸਮਾਪਤੀ ਉਪਰੰਤ ਆਗੂਆਂ ਦੀ ਅਗਵਾਈ ਹੇਠ ਫ਼ਲਸਤੀਨੀਆਂ ਨਾਲ ਇੱਕਮੁੱਠਤਾ ਜ਼ਾਹਿਰ ਕਰਦਿਆਂ ਡੀਸੀ ਦਫ਼ਤਰ ਤੱਕ ਮਾਰਚ ਕੀਤਾ ਗਿਆ।
