ਕਾਂਗਰਸ ਦੇ ਟਕਸਾਲੀ ਆਗੂ ਮਨਦੀਪ ਜਮਸ਼ੇਰ ਦੀ ਘਰ ਵਾਪਸੀ
ਜਲੰਧਰ ਛਾਉਣੀ ਹਲਕੇ ਦੇ ਵਿਧਾਇਕ ਪਰਗਟ ਸਿੰਘ ਨੇ ਅੱਜ ਪਿੰਡ ਜਮਸ਼ੇਰ ਦੇ ਨਾ ਸਿਰਫ਼ ਪੁਰਾਣੇ ਕਾਂਗਰਸੀ ਪਰਿਵਾਰ ਦੀ ਘਰ ਵਾਪਸੀ ਕਰਵਾਈ, ਸਗੋਂ ਉਸੇ ਪਰਿਵਾਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਦੇ ਰਹੇ ਸੀਨੀਅਰ ਆਗੂ ਮਨਦੀਪ ਸਿੰਘ ਜਮਸ਼ੇਰ ਨੂੰ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਉਮੀਦਵਾਰ ਐਲਾਨਿਆ। ਵਿਧਾਇਕ ਪਰਗਟ ਸਿੰਘ ਨੇ ਜਮਸ਼ੇਰ ਵਿੱਚ ਹੋਏ ਇੱਕ ਸਮਾਰੋਹ ਦੌਰਾਨ ਮਨਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰੋਪੇ ਭੇਟ ਕਰਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ। ਮਨਦੀਪ ਸਿੰਘ ਨੇ ਵਿਧਾਇਕ ਪਰਗਟ ਸਿੰਘ ਅਤੇ ਕਾਂਗਰਸ ਪਾਰਟੀ ਦਾ ਉਨ੍ਹਾਂ ਨੂੰ ਉਮੀਦਵਾਰ ਬਣਾਉਣ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਬਲਜੀਤ ਕੌਰ ਨੂੰ ਬਲਾਕ ਸੰਮਤੀ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਗਿਆ। ਪਰਗਟ ਸਿੰਘ ਨੇ ਕਿਹਾ ਕਿ ਜਮਸ਼ੇਰ ਪਰਿਵਾਰ, ਜੋ ਕਿ ਲੰਬੇ ਸਮੇਂ ਤੋਂ ਕਾਂਗਰਸ ਦਾ ਆਗੂ ਰਿਹਾ ਹੈ, ਦੇ ਮੁੜ ਸ਼ਾਮਲ ਹੋਣ ਨਾਲ ਪਾਰਟੀ ਮਜ਼ਬੂਤ ਹੋਵੇਗੀ। ਫਿਲਮ ਅਤੇ ਥੀਏਟਰ ਵਿੱਚ ਮਾਸਟਰ ਡਿਗਰੀ ਪ੍ਰਾਪਤ ਮਨਦੀਪ ਜਮਸ਼ੇਰ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਦਲਿਤ ਭਾਈਚਾਰੇ ਨੂੰ ਭਾਜਪਾ ਅਤੇ ਆਰ ਐੱਸ ਐੱਸ ਤੋਂ ਬਚਾਉਣਾ ਹੈ। ਉਨ੍ਹਾਂ ਤੋਂ ਇਲਾਵਾ ਗੁਰਵਿੰਦਰ ਭੱਟੀ, ਕੁਲਬੀਰ ਸਿੰਘ, ਦਿਲਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਹਰਜਿੰਦਰ ਕੁਮਾਰ, ਸਾਹਿਲ ਭੱਟੀ, ਜਗਤਾਰ ਸਿੰਘ, ਸੂਰਜ ਕੁਮਾਰ, ਅਮਰਜੋਤ ਸਿੰਘ, ਗੁਰਪ੍ਰੀਤ ਸਿੰਘ, ਪ੍ਰਤਾਪ ਭੱਟੀ, ਗੋਲਡੀ ਨਾਹਰ, ਜੌਨੀ, ਸੁਸ਼ੀਲ ਕੁਮਾਰ, ਈਸਰਾ ਨਾਹਰ, ਮਨੀ ਸਹੋਤਾ, ਰਾਜਨ ਨਾਹਰ, ਦਮਨ ਨਾਹਰ, ਗੁਰਵਿੰਦਰ ਸਿੰਘ ਕਾਂਗਰਸ ਵਿੱਚ ਸ਼ਾਮਲ ਹੋਏ।
