ਕਾਂਗਰਸ ਵਲੋਂ ਝੋਨੇ ’ਤੇ ਕੱਟ ਲਗਾਉਣ ਦਾ ਵਿਰੋਧ
ਹਲਕੇ ਦੇ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ ਨੇ ਮੰਡੀਆਂ ਵਿੱਚ ਕਿਸਾਨਾਂ ਦੀ ਝੋਨੇ ਦੀ ਫਸਲ ’ਤੇ ਕੱਟ ਲਗਾਉਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਬੰਧੀ ਅਗਾਉਂ ਹਦਾਇਤਾਂ ਕੀਤੀਆਂ ਜਾਣ ਅਤੇ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਸਰਬਜੋਤ ਸਾਬੀ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਕਿਸਾਨਾਂ ਦੀ ਝੋਨੇ ਦੀ ਫਸਲ ਮੰਡੀਆਂ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ ਲੇਕਿਨ ਇਸ ਸੀਜ਼ਨ ਦੌਰਾਨ ਜੇਕਰ ਕਿਸਾਨਾਂ ਦੀ ਫਸਲ ਉੱਪਰ ਬੇਵਜ੍ਹਾ ਕੱਟ ਲਗਾਇਆ ਗਿਆ ਤਾਂ ਇਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਕਿਸਾਨ ਪਹਿਲਾਂ ਹੀ ਹੜ੍ਹਾਂ ਕਾਰਨ ਆਰਥਿਕ ਤੌਰ ’ਤੇ ਕਮਜ਼ੋਰ ਹੋ ਚੁਕੇ ਹਨ ਅਤੇ ਕਿਸਾਨਾਂ ਦੀ ਹੋਰ ਲੁੱਟ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਬੀ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਇਸ ਪ੍ਰਤੀ ਪਹਿਲਾਂ ਹੀ ਅਗਾਉਂ ਹਦਾਇਤਾਂ ਕਰਨੀ ਚਾਹੀਦੀਆਂ ਹਨ ਅਤੇ ਮੰਡੀ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਖਤ ਤਾੜਨਾ ਕੀਤੀ ਜਾਣੀ ਚਾਹੀਦੀ ਹੈ। ਪਿਛਲੇ ਸਾਲ ਜਦੋਂ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਸ਼ੈਲਰ ਮਾਲਕਾਂ ਵੱਲੋਂ ਕੱਟ ਲਗਾਇਆ ਗਿਆ ਸੀ ਜਿਸ ਪ੍ਰਤੀ ਕਿਸਾਨਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੇ ਜਾਣ ਦੇ ਬਾਵਜੂਦ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਇਸ ਸੀਜਨ ਦੌਰਾਨ ਜਿੱਥੇ ਵੀ ਕਿਸਾਨਾਂ ਦੀ ਫਸਲ ਉੱਪਰ ਕੱਟ ਲਗਾਇਆ ਗਿਆ ਉੱਥੇ ਪਹੁੰਚ ਕੇ ਉਹ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨਗੇ।