ਨਕਸਲੀਆਂ ਦੇ ‘ਫ਼ਰਜ਼ੀ’ ਮੁਕਾਬਲਿਆਂ ਦੀ ਨਿਖੇਧੀ
ਅਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਕਨਵੀਨਰ ਡਾ. ਪਰਮਿੰਦਰ, ਪ੍ਰੋਫੈਸਰ ਏ ਕੇ ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ਪਾਲ ਨੇ 22 ਸਤੰਬਰ ਨੂੰ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਦੇ ਜੰਗਲਾਂ ਵਿਚ ਸੀਪੀਆਈ (ਮਾਓਵਾਦੀ) ਦੇ ਦੋ ਕੇਂਦਰੀ ਕਮੇਟੀ ਮੈਂਬਰਾਂ ਸਤਿਆਨਾਰਾਇਣ ਰੈਡੀ ਅਤੇ ਕੇ ਰਾਮਚੰਦਰ ਰੈਡੀ ਦੇ ਕਥਿਤ ਮੁਕਾਬਲਿਆਂ ਦੀ ਸਖ਼ਤ ਨਿਖੇਧੀ ਕੀਤੀ ਹੈ। ਜਮਹੂਰੀ ਫਰੰਟ ਦੇ ਆਗੂਆਂ ਨੇ ਦੋਸ਼ ਲਾਇਆ ਕਿ ਮਾਓਵਾਦੀ ਲਹਿਰ ਨੂੰ ਸਿਆਸੀ ਮਸਲੇ ਵਜੋਂ ਲੈਣ ਦੀ ਬਜਾਏ ਭਾਰਤੀ ਹੁਕਮਰਾਨ ਵਹਿਸ਼ੀ ਕਤਲੇਆਮ ਰਾਹੀਂ ਦਬਾਉਣ ਅਤੇ ਆਪਣੇ ਹੀ ਲੋਕਾਂ ਦੀਆਂ ਲਾਸ਼ਾਂ ਵਿਛਾਉਣ ਦੇ ਰਾਹ ਪਏ ਹੋਏ ਹਨ। ਜੰਗਲੀ-ਪਹਾੜੀ ਇਲਾਕਿਆਂ ਨੂੰ ਦਹਾਕਿਆਂ ਤੋਂ ਸੁਰੱਖਿਆ ਬਲਾਂ ਦੀ ਵਿਆਪਕ ਛਾਉਣੀ ਬਣਾਏ ਹੋਣ ਅਤੇ ਲੋਕ ਹਿਤਾਂ ਨਾਲ ਜੁੜੇ ਰਾਜਨੀਤਕ ਮਸਲੇ ਨੂੰ ਅਮਨ-ਕਾਨੂੰਨ ਦਾ ਮਸਲਾ ਬਣਾ ਕੇ ਪੇਸ਼ ਕਰਨ ਦੇ ਪਿੱਛੇ ਭਾਜਪਾ ਸਰਕਾਰ ਦੇ ਫਾਸ਼ੀਵਾਦੀ ਇਰਾਦੇ ਬਿਲਕੁਲ ਸਪਸ਼ਟ ਹਨ। ਫਰੰਟ ਦੇ ਸੂਬਾ ਕਮੇਟੀ ਆਗੂਆਂ ਯਸ਼ਪਾਲ ਝਬਾਲ, ਐਡਵੋਕੇਟ ਅਮਰਜੀਤ ਬਾਈ ਅਤੇ ਸੁਮੀਤ ਅੰਮ੍ਰਿਤਸਰ ਨੇ ਮੰਗ ਕੀਤੀ ਕਿ ਆਦਿਵਾਸੀ ਇਲਾਕਿਆਂ ਵਿਚ ਝੂਠੇ ਮੁਕਾਬਲਿਆਂ ਬੰਦ ਕੀਤੇ ਜਾਣ, ਸਾਰੇ ਸਕਿਉਰਿਟੀ ਕੈਂਪ ਹਟਾਏ ਜਾਣ, ਕਾਰਪੋਰੇਟ ਹਿਤੈਸ਼ੀ ਆਰਥਕ ਮਾਡਲ ਰੱਦ ਕੀਤਾ ਜਾਵੇ, ਜਲ-ਜੰਗਲ-ਜ਼ਮੀਨ ’ਤੇ ਆਦਿਵਾਸੀਆਂ ਨੂੰ ਕੁਦਰਤੀ ਹੱਕ ਦਿੱਤਾ ਜਾਵੇ।