ਆਨਸਕਰੀਨ ਪੇਪਰ ਮਾਰਕਿੰਗ ਕਰਵਾਏ ਜਾਣ ਦੀ ਨਿਖੇਧੀ
ਅੰਮ੍ਰਿਤਸਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਨੁਪੂਰਕ ਪ੍ਰੀਖਿਆ 2025 ਦੀ ਆਨ ਸਕਰੀਨ ਪੇਪਰ ਮਾਰਕਿੰਗ ਕਰਵਾਏ ਜਾਣ ਦੀ ਡੈਮੋਕਰੈਟਿਕ ਟੀਚਰਜ਼ ਫਰੰਟ (ਡੀ ਟੀ ਐੱਫ) ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਬੋਰਡ ਨੇ ਪੇਪਰ ਦੀ ਹਾਰਡ ਕਾਪੀਆਂ ਮੁਲਾਂਕਣ ਕੇਂਦਰ ਵਿੱਚ ਭੇਜਣ ਦੀ ਥਾਂ ਅਧਿਆਪਕਾਂ ਦੀ ਆਈ ਡੀ ਵਿੱਚ ਭੇਜੇ ਕੇ ਆਨਲਾਈਨ ਪੇਪਰ ਮੁਲਾਂਕਣ ਕਰਨ ਦੇ ਹੁਕਮ ਜਾਰੀ ਕੀਤੇ ਹਨ। ਡੀ ਟੀ ਐੱਫ ਵੱਲੋਂ ਇਸ ’ਤੇ ਫੌਰੀ ਰੋਕ ਲਾ ਕੇ ਪਹਿਲਾਂ ਪੇਪਰ ਮਾਰਕਿੰਗ ਲਈ ਅਪਣਾਈ ਜਾ ਰਹੀ ਆਫਲਾਈਨ ਵਿਧੀ ਅਪਣਾਏ ਜਾਣ ਦੀ ਮੰਗ ਕੀਤੀ ਹੈ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਅਧਿਆਪਕਾਂ ਨੇ ਡੀ ਟੀ ਐੱਫ ਆਗੂਆਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਉਨ੍ਹਾਂ ਨੂੰ ਇੱਕ ਇੱਕ ਪੇਪਰ ਦੇ ਅੰਕ ਤਿੰਨ ਤਿੰਨ ਵਾਰ ਐਂਟਰੀ ਕਰਨੀ ਪੈ ਰਹੀ ਹੈ,ਜਿਸ ਨਾਲ ਸਮਾਂ ਬਰਬਾਦ ਹੋ ਰਿਹਾ ਹੈ। -ਪੱਤਰ ਪ੍ਰੇਰਕ
ਨਿਯੁਕਤੀ ਪੱਤਰ ਸੌਂਪੇ
ਫਗਵਾੜਾ: ਨਗਰ ਨਿਗਮ ਵੱਲੋਂ ਤਰਸ ਦੇ ਆਧਾਰ ਨੀਤੀ ਤਹਿਤ ਨਵ-ਨਿਯੁਕਤ ਕੀਤੇ ਗਏ ਨੌਂ ਕਰਮਚਾਰੀਆਂ ਨੂੰ ਅੱਜ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਨਿਯੁਕਤੀ ਪੱਤਰ ਨਗਰ ਨਿਗਮ ਵਿਖੇ ਕੀਤੇ ਸਮਾਗਮ ਦੌਰਾਨ ਵੰਡੇ ਗਏ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਇਨ੍ਹਾਂ ਪਰਿਵਾਰਾਂ ਦੀ ਔਖੀ ਘੜੀ ’ਚ ਵੀ ਬਾਂਹ ਫੜੀ ਹੈ ਤੇ ਇਨ੍ਹਾਂ ਨੂੰ ਤਰਸ ਦੇ ਆਧਾਰ ’ਤੇ ਨੌਕਰੀਆਂ ਦਿੱਤੀਆਂ ਗਈਆਂ ਹਨ। ਇਨ੍ਹਾਂ ਨਿਯੁਕਤੀਆਂ ’ਚ ਚਾਰ ਸੇਵਾਦਾਰ, ਤਿੰਨ ਸਫ਼ਾਈ ਕਰਮਚਾਰੀ, ਇੱਕ ਮਾਲੀ ਤੇ ਇੱਕ ਚੌਕੀਦਾਰ ਸ਼ਾਮਲ ਹਨ। ਮੇਅਰ ਰਾਮਪਾਲ ਉੱਪਲ ਨੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕੀਤੀ। ਨਗਰ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਨਵੇਂ ਕਰਮਚਾਰੀਆਂ ਨੂੰ ਆਪਣਾ ਕੰਮ ਇਮਾਨਦਾਰੀ ਤੇ ਮਿਹਨਤ ਨਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਮੇਅਰ ਰਾਮਪਾਲ ਉੱਪਲ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਨੌਜਵਾਨ ਦੀ ਲਾਸ਼ ਮਿਲੀ
ਹੁਸ਼ਿਆਰਪੁਰ: ਹੁਸ਼ਿਆਰਪੁਰ-ਚਿੰਤਪੂਰਨੀ ਸੜਕ ’ਤੇ ਪਿੰਡ ਚੌਹਾਲ ਦੇ ਨੇੜੇ 29 ਸਾਲਾ ਨੌਜਵਾਨ ਦੀ ਲਾਸ਼ ਸੜਕ ਕਿਨਾਰੇ ਨਾਲੇ ਵਿਚੋਂ ਬਰਾਮਦ ਹੋਈ ਹੈ। ਸੂਚਨਾ ਮਿਲਣ ’ਤੇ ਥਾਣਾ ਸਦਰ ਪੁਲੀਸ ਮੌਕੇ ’ਤੇ ਪਹੁੰਚ ਗਈ। ਮ੍ਰਿਤਕ ਦੇ ਭਰਾ ਸੰਦੀਪ ਕੁਮਾਰ ਵਾਸੀ ਮੁਹੱਲਾ ਰਵਿਦਾਸ ਨਗਰ ਪਿੰਡ ਚੌਹਾਲ ਨੇ ਦੱਸਿਆ ਕਿ ਉਸ ਦਾ ਭਰਾ ਸੁਖਵਿੰਦਰ ਕੁਮਾਰ (29) ਘਰੋਂ 9 ਸਤੰਬਰ ਤੋਂ ਲਾਪਤਾ ਸੀ। ਉਸ ਦੀ ਕਾਫੀ ਭਾਲ ਕੀਤੀ ਗਈ ਪਰ ਪਤਾ ਨਹੀਂ ਚੱਲ ਸਕਿਆ। ਸੰਦੀਪ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਨੌਜਵਾਨ ਦੀ ਲਾਸ਼ ਚੌਹਾਲ ਪਿੰਡ ਨਜ਼ਦੀਕ ਸੜਕ ਕਿਨਾਰੇ ਗੰਦੇ ਨਾਲੇ ਵਿੱਚ ਪਈ ਹੋਈ ਹੈ। ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਉਕਤ ਲਾਸ਼ ਸੁਖਵਿੰਦਰ ਕੁਮਾਰ ਦੀ ਸੀ। ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ। ਪੁਲੀਸ ਨੇ ਕਿਹਾ ਕਿ ਪੋਸਟਮਾਰਟਮ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ। -ਪੱਤਰ ਪ੍ਰੇਰਕ
ਵਾਲੀਆਂ ਝਪਟੀਆਂ
ਧਾਰੀਵਾਲ: ਇਥੇ ਨੈਸ਼ਨਲ ਹਾਈਵੇ ਰੋਡ ਧਾਰੀਵਾਲ -ਗੁਰਦਾਸਪੁਰ ’ਤੇ ਅੱਡਾ ਸੋਹਲ ਨੇੜੇ ਮੋਟਰਸਾਈਕਲ ਸਵਾਰ ਦੋ ਝੱਪਟਮਾਰਾਂ ਨੇ ਮੋਟਰਸਾਈਕਲ ਨੂੰ ਧੱਕਾ ਮਾਰ ਕੇ ਇੱਕ ਔਰਤ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ। ਇਸ ਹਾਦਸੇ ਵਿੱਚ ਪਤੀ-ਪਤਨੀ ਜ਼ਖ਼ਮੀ ਹੋ ਗਏ ਹਨ। ਪੀੜਤ ਦੀ ਪਛਾਣ ਰਾਜਵਿੰਦਰ ਕੌਰ ਵਾਸੀ ਪਿੰਡ ਸੋਹਲ ਵਜੋਂ ਹੋਈ ਹੈ। ਉਸ ਨੇ ਦੱਸਿਆ ਉਹ ਪਾਵਰਕੌਮ ਵਿਭਾਗ ਕਲਰਕ ਹੈ। ਉਹ 8 ਸਤੰਬਰ ਨੂੰ ਡਿਊਟੀ ਖਤਮ ਹੋਣ ਮਗਰੋਂ ਆਪਣੇ ਪਤੀ ਰਛਪਾਲ ਸਿੰਘ ਨਾਲ ਮੋਟਰਸਾਈਕਲ ’ਤੇ ਘਰ ਜਾ ਰਹੀ ਸੀ। ਨੈਸ਼ਨਲ ਹਾਈਵੇਅ ਪੁਲ ਅੱਡਾ ਸੋਹਲ ਨੇੜੇ ਪਿਛੋਂ ਆਏ ਦੋ ਝੱਪਟਮਾਰਾਂ ਨੇ ਉਸਦੇ ਕੰਨਾਂ ਤੋਂ ਸੋਨੇ ਦੀਆਂ ਦੀਆਂ ਵਾਲੀਆਂ ਲਾਹ ਲਈਆਂ ਅਤੇ ਮੋਟਰਸਾਈਕਲ ਡੇਗ ਕੇ ਫਰਾਰ ਹੋ ਗਏ। ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਝੱਪਟਮਾਰਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ। -ਪੱਤਰ ਪ੍ਰੇਰਕ
ਚੋਰੀ ਦੇ ਮੋਟਰਸਾਈਕਲ ਸਣੇ ਕਾਬੂ
ਤਰਨ ਤਾਰਨ: ਥਾਣਾ ਸਦਰ ਪੱਟੀ ਦੇ ਏ ਐਸ ਆਈ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਕੱਲ੍ਹ ਇਲਾਕੇ ਦੇ ਪਿੰਡ ਸੰਘਵਾਂ ਨੇੜਿਓਂ ਚੋਰੀ ਦੇ ਮੋਟਰਸਾਈਕਲ ਸਮੇਤ ਇੱਕ ਜਣੇ ਨੂੰ ਕਾਬੂ ਕੀਤਾ, ਜਦੋਂਕਿ ਉਸ ਦਾ ਸਾਥੀ ਫਰਾਰ ਹੋ ਗਿਆ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਭੱਠੇ ਭੈਣੀ ਪਿੰਡ ਵਾਸੀ ਮਨਦੀਪ ਸਿੰਘ ਗਟੋਲ ਅਤੇ ਸਤਨਾਮ ਸਿੰਘ ਘੁੱਗੀ ਵਜੋਂ ਹੋਈ ਹੈ| ਮਨਦੀਪ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਸਤਨਾਮ ਸਿੰਘ ਘੁੱਗੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। -ਪੱਤਰ ਪ੍ਰੇਰਕ
ਭਗੌੜਾ ਕਾਬੂ
ਪਠਾਨਕੋਟ: ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾਂ ਨਿਰਦੇਸ਼ਾਂ ਵੱਜੋਂ ਭਗੌੜਿਆਂ ਨੂੰ ਫੜਨ ਲਈ ਚਲਾਈ ਗਈ ਮੁਹਿੰਮ ਦੇ ਤਤਿ ਪੀਓ ਸੈੱਲ ਦੀ ਟੀਮ ਨੇ ਇੰਚਾਰਜ ਰਵਿੰਦਰ ਕੁਮਾਰ ਸਬ ਇੰਸਪੈਕਟਰ ਦੀ ਅਗਵਾਈ ਵਿੱਚ ਇੱਕ ਭਗੌੜੇ ਮੁਲਜ਼ਮ ਕੁਲਦੀਪ ਕੁਮਾਰ ਉਰਫ ਅਮਿਤ ਉਰਫ ਲੋਲਾ ਵਾਸੀ ਛੰਨੀ ਬੇਲੀ ਥਾਣਾ ਡਮਟਾਲ ਜ਼ਿਲ੍ਹਾ ਕਾਂਗੜਾ ਨੂੰ ਗ੍ਰਿਫਤਾਰ ਕੀਤਾ ਹੈ। ਉਸ ਖ਼ਿਲਾਫ਼ 20 ਅਗਸਤ 2019 ਨੂੰ ਐੱਨਡੀਪੀਸੀ ਕੇਸ ਦਰਜ ਕੀਤਾ ਗਿਆ ਸੀ। ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ। -ਪੱਤਰ ਪ੍ਰੇਰਕ
ਮੋਟਰਸਾਈਕਲ ਖੋਹਿਆ
ਫਗਵਾੜਾ: ਰਿਹਾਣਾ ਜੱਟਾਂ ਨੇੜਿਓਂ ਇੱਕ ਨੌਜਵਾਨ ਦਾ ਮੋਟਰਸਾਈਕਲ ਖੋਹਣ ਸਬੰਧੀ ਰਾਵਲਪਿੰਡੀ ਪੁਲੀਸ ਨੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਰਾਣਾ ਰਾਮ ਵਾਸੀ ਸਾਹਨੀ ਨੇ ਪੁਲੀਸ ਨੂੰ ਦੱਸਿਆ ਕਿ 9 ਸਤੰਬਰ ਨੂੰ ਉਹ ਮੋਟਰਸਾਈਕਲ ’ਤੇ ਘਰ ਪਰਤ ਰਿਹਾ ਸੀ। ਜਦੋਂ ਉਹ ਬਿਜਲੀ ਘਰ ਰਿਹਾਣਾ ਜੱਟਾਂ ਨੇੜੇ ਪੁੱਜਿਆ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਬਹਾਨੇ ਨਾਲ ਉਸ ਤੋਂ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। -ਪੱਤਰ ਪ੍ਰੇਰਕ