ਸਮਿਤੀ ਤੇ ਪਰਿਸ਼ਦ ਚੋਣਾਂ: ਨਾਮਜ਼ਦਗੀਆਂ ਭਰਨ ਦਾ ਅਮਲ ਨੇਪਰੇ ਚੜ੍ਹਿਆ
ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਵਾਸਤੇ ਅੱਜ ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਇੱਥੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪਰਿਸ਼ਦ ਵਾਸਤੇ 148 ਉਮੀਦਵਾਰਾਂ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਵਾਸਤੇ 906 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸ ਦੌਰਾਨ ਕਾਂਗਰਸ ਦੇ ਆਗੂਆਂ ਦੋਸ਼ ਲਾਇਆ ਹੈ ਕਿ ਹਾਕਮ ਧਿਰ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਭਰਨ ਤੋਂ ਰੋਕਿਆ ਗਿਆ ਹੈ। ਸਰਕਾਰੀ ਬੁਲਾਰੇ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਅੱਜ ਨਾਮਜਦਗੀ ਪੱਤਰ ਭਰਨ ਦੇ ਆਖਰੀ ਦਿਨ ਜ਼ਿਲ੍ਹਾ ਪਰਿਸ਼ਦ ਵਾਸਤੇ ਕੁੱਲ 148 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ ਜਦੋਂ ਕਿ 10 ਪੰਚਾਇਤ ਸਮਿਤੀਆਂ ਵਾਸਤੇ ਕੁੱਲ 906 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ ,ਜਿਨ੍ਹਾਂ ਦੀ ਹੁਣ ਪੜਤਾਲ ਹੋਵੇਗੀ।
ਇਸ ਦੌਰਾਨ ਕਾਂਗਰਸੀ ਆਗੂ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਨੇ ਪੱਤਰਕਾਰ ਸੰਮੇਲਨ ਦੌਰਾਨ ਦੋਸ਼ ਲਾਇਆ ਕਿ ਹਾਕਮ ਧਿਰ ਆਪ ਵੱਲੋਂ ਅੱਜ ਕਾਂਗਰਸੀ ਉਮੀਦਵਾਰਾਂ ਨੂੰ ਨਾਮਜਦਗੀ ਪੱਤਰ ਦਾਖਲ ਕਰਨ ਤੋਂ ਰੋਕਣ ਦਾ ਯਤਨ ਕੀਤਾ ਗਿਆ ਹੈ। ਕਈ ਥਾਵਾਂ ’ਤੇ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਾੜ ਦਿੱਤੇ ਗਏ ਹਨ ਅਤੇ ਇੱਕ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਦੀ ਮਾਰ ਕੁੱਟ ਵੀ ਕੀਤੀ ਗਈ ਹੈ ਜੋ ਇਸ ਵੇਲੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਹੁਣ ਨਾਮਜਦਗੀ ਪੱਤਰਾਂ ਦੀ ਪੜਤਾਲ ਦੌਰਾਨ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾ ਸਕਦੇ ਹਨ।
ਜਲੰਧਰ (ਹਤਿੰਦਰ ਮਹਿਤਾ): ਜ਼ਿਲ੍ਹਾ ਜਲੰਧਰ ਵਿੱਚ 14 ਦਸੰਬਰ ਨੂੰ ਕਰਵਾਈਆਂ ਜਾਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਦੇ 21 ਅਤੇ 11 ਪੰਚਾਇਤ ਸੰਮਤੀਆਂ ਦੇ 188 ਜ਼ੋਨਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਪ੍ਰਾਪਤ ਕਰਨ ਦੇ ਅੱਜ ਆਖਰੀ ਦਿਨ ਜ਼ਿਲ੍ਹਾ ਪਰਿਸ਼ਦ ਲਈ ਕੁੱਲ 114 ਅਤੇ ਪੰਚਾਇਤ ਸਮਿਤੀਆਂ ਲਈ ਕੁੱਲ 745 ਨਾਮਜ਼ਦਗੀਆਂ ਦਾਖ਼ਲ ਹੋਈਆਂ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦਿੱਤੀ।
ਪਠਾਨਕੋਟ (ਐਨ.ਪੀ.ਧਵਨ): ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਮੈਂਬਰਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਆਖਰੀ ਦਿਨ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਗਏ। ਇਸ ਤਰ੍ਹਾਂ ਜ਼ਿਲ੍ਹਾ ਪਰਿਸ਼ਦ ਲਈ ਕੁੱਲ 41 ਅਤੇ ਪੰਚਾਇਤ ਸਮਿਤੀ ਚੋਣਾਂ ਲਈ ਕੁੱਲ 338 ਨਾਮਜ਼ਦਗੀਆਂ ਦਾਖਲ ਹੋਈਆਂ। ਭਲਕੇ ਨਾਮਜ਼ਦਗੀਆਂ ਵਾਪਸ ਲੈਣ ਦਾ ਦਿਨ ਹੈ। ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਤਿੰਨਾਂ ਹੀ ਪਾਰਟੀਆਂ ਨੇ ਅੱਜ ਸ਼ਕਤੀ ਪ੍ਰਦਰਸ਼ਨ ਦਿਖਾਇਆ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਨਾਲ, ਸਾਬਕਾ ਵਿਧਾਇਕ ਜੋਗਿੰਦਰ ਪਾਲ ਕਾਂਗਰਸੀ ਉਮੀਦਵਾਰਾਂ ਦੇ ਨਾਲ ਅਤੇ ਭਾਜਪਾ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਭਾਜਪਾ ਉਮੀਦਵਾਰਾਂ ਦੇ ਨਾਲ ਨਾਮਜ਼ਦਗੀਆਂ ਦਾਖਲ ਕਰਵਾਉਣ ਪੁੱਜੇ ਹੋਏ ਸਨ।
ਇਸ ਦੌਰਾਨ, ‘ਆਪ’ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਸ ਚੋਣ ਨੂੰ ਵਿਕਾਸ-ਮੁਖੀ ਚੋਣ ਦੱਸਿਆ। ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਵਿਰੋਧੀ ਧਿਰ ਨੂੰ ਨਿਰਪੱਖਤਾ ਨਾਲ ਚੋਣਾਂ ਲੜਨ ਦੀ ਅਪੀਲ ਕੀਤੀ, ਜਦ ਕਿ ਭਾਜਪਾ ਨੇਤਾ ਅਸ਼ਵਨੀ ਸ਼ਰਮਾ ਨੇ ਮੌਜੂਦਾ ਸਰਕਾਰ ਵਿਰੁੱਧ ਆਪਣਾ ਗੁੱਸਾ ਜ਼ਾਹਰ ਕੀਤਾ।
ਰਈਆ (ਦਵਿੰਦਰ ਭੰਗੂ): ਪੰਚਾਇਤ ਸਮਿਤੀ ਚੋਣਾਂ ਲਈ ਅੱਜ ਪੰਚਾਇਤ ਸਮਿਤੀ ਬਲਾਕ ਰਈਆ ਦੇ 129 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਇਸ ਸਬੰਧੀ ਚੋਣ ਰਿਟਰਨਿੰਗ ਅਫ਼ਸਰ ਤੇ ਤਹਿਸੀਲਦਾਰ ਬਾਬਾ ਬਕਾਲਾ ਰੋਬਿਨਜੀਤ ਕੌਰ ਨੇ ਦੱਸਿਆ ਕਿ ਪੰਚਾਇਤ ਸਮਿਤੀ ਬਲਾਕ ਰਈਆ ਦੇ 25 ਜ਼ੋਨਾਂ ਲਈ ਅੱਜ ਆਖ਼ਰੀ ਦਿਨ ਤੱਕ 129 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।
ਦਸੂਹਾ (ਭਗਵਾਨ ਦਾਸ ਸੰਦਲ): ਦਸੂਹਾ ਹਲਕੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਨੂੰ ਲੈ ਕੇ ਰਾਜਨੀਤਿਕ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਵਿਧਾਇਕ ਕਰਮਬੀਰ ਘੁੰਮਣ ਦੀ ਅਗਵਾਈ ਹੇਠ ਜ਼ਿਲ੍ਹਾ ਪਰਿਸ਼ਦ ਦੇ ਦੋ ਜ਼ੋਨਾਂ ਅਤੇ 19 ਬਲਾਕ ਸਮਿਤੀ ਸੀਟਾਂ ’ਤੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਗਏ ਹਨ। ਨਾਮਜ਼ਦਗੀਆਂ ਦਾਖਲ ਕਰਵਾਉਣ ਮਗਰੋਂ ਵਿਧਾਇਕ ਘੁੰਮਣ ਨੇ ਆਪਣੇ ਉਮੀਦਵਾਰਾਂ ਲਈ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ।
ਤਲਵਾੜਾ (ਦੀਪਕ ਠਾਕੁਰ): ਇੱਥੇ ਬਲਾਕ ਸਮਿਤੀ ਤਲਵਾੜਾ ਦੇ 15 ਜ਼ੋਨਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਦੇ ਚੌਥੇ ਅਤੇ ਅੰਤਿਮ ਦਿਨ ਕੁੱਲ 59 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ। ਬਲਾਕ ਹਾਜੀਪੁਰ ’ਚ 18 ਜ਼ੋਨਾਂ ਲਈ ਕੁੱਲ 61 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਹਨ।ਵਿਧਾਇਕ ਘੁੰਮਣ ਨੇ ਵਿਸ਼ਾਲ ਕਾਫ਼ਲੇ ਨਾਲ ‘ਆਪ’ ਦੇ 15 ਉਮੀਦਵਾਰਾਂ ਨਾਲ ਤਲਵਾੜਾ ’ਚ ਨਾਮਜ਼ਦਗੀ ਪੱਤਰ ਭਰਵਾਏ।
ਸਹਾਇਕ ਰਿਟਰਨਿੰਗ ਅਫ਼ਸਰ ਬਲਾਕ ਤਲਵਾੜਾ ਪਰਮਿੰਦਰ ਸਿੰਘ ਨੇ ਦਸਿਆ ਕਿ ਕੁੱਲ 59 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਕਾਂਗਰਸ, ਭਾਜਪਾ ਅਤੇ ‘ਆਪ’ ਤੋਂ ਇਲਾਵਾ ਸੀ ਪੀ ਆਈ (ਐੱਮ) ਅਤੇ ਆਜ਼ਾਦ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਅੱਜ ‘ਆਪ’ ਵਿਧਾਇਕ ਨੇ ਤਲਵਾੜਾ ’ਚ ਰੈਲੀ ਕੱਢ ਕੇ 15 ਜ਼ੋਨਾਂ ’ਚ ਪਾਰਟੀ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਬਲਾਕ ਸਮਿਤੀ ਹਾਜੀਪੁਰ ’ਚ 18 ਜ਼ੋਨਾਂ ਲਈ ਕੁੱਲ 61 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਧਾਰੀਵਾਲ ਬਲਾਕ ਸਮਿਤੀ ਦੇ ਕੁੱਲ 17 ਜ਼ੋਨਾਂ ਦੇ ਕੁੱਲ 76 ਉਮੀਦਵਾਰਾਂ ਨੇ ਰਿਟਰਨਿੰਗ ਅਫਸਰ ਤੇ ਤਹਿਸੀਲਦਾਰ ਗੁਰਦਾਸਪੁਰ ਰੇਸ਼ਮ ਸਿੰਘ ਕੋਲ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ। ਅੱਜ ਆਖਰੀ ਦਿਨ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਉਚੇਚੇ ਤੌਰ ’ਤੇ ਸਬ ਤਹਿਸੀਲ ਧਾਰੀਵਾਲ ਪਹੁੰਚ ਕੇ ਸਮਿਤੀ ਚੋਣ ਲੜਨ ਵਾਲੇ ‘ਆਪ’ ਉਮੀਦਵਾਰ ਦੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ। ਐਡਵੋਕੇਟ ਸੇਖਵਾਂ ਨੇ ਦੱਸਿਆ ਚੋਣ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਹੋ ਰਹੀ ਹੈ, ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।
ਕਾਦੀਆਂ (ਨਿੱਜੀ ਪੱਤਰ ਪ੍ਰੇਰਕ): ਬਲਾਕ ਸਮਿਤੀ ਦੀਆਂ ਚੋਣਾਂ ਲਈ ਕਾਦੀਆਂ ਬਲਾਕ ਸਮਿਤੀ ਦੇ ਕੁੱਲ 17 ਜ਼ੋਨਾਂ ਦੇ ਕੁੱਲ 79 ਉਮੀਦਵਾਰਾਂ ਨੇ ਰਿਟਰਨਿੰਗ ਅਫਸਰ ਤੇ ਨਾਇਬ ਤਹਿਸੀਲਦਾਰ ਕਲਾਨੌਰ ਰਾਜਿੰਦਰ ਸਿੰਘ, ਸਹਾਇਕ ਰਿਟਰਨਿੰਗ ਅਫਸਰ-ਕਮ-ਨਾਇਬ ਤਹਿਸੀਲਦਾਰ ਕਾਦੀਆਂ ਸਤਨਾਮ ਸਿੰਘ ਦੇ ਕੋਲ ਆਪਣੇ ਨਾਮਜ਼ਦਗੀ ਕਾਗਜ ਦਾਖਲ ਕਰਵਾਏ।
ਕਪੂਰਥਲਾ (ਜਸਬੀਰ ਸਿੰਘ ਚਾਨਾ): ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ। ਆਖਰੀ ਦਿਨ ਜ਼ਿਲ੍ਹਾ ਪਰਿਸ਼ਦ ਲਈ ਕੁੱਲ 64 ਤੇ ਬਲਾਕ ਸਮਿਤੀ ਲਈ 424 ਨਾਮਜ਼ਦਗੀਆਂ ਭਰੀਆਂ ਗਈਆਂ। ਜ਼ਿਲ੍ਹਾ ਮੈਜਿਸਟਰੇਟ ਤੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ ਨੂੰ ਹੋਵੇਗੀ ਤੇ 6 ਦਸੰਬਰ ਨੂੰ ਸ਼ਾਮ 3.00 ਵਜੇ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਨਾਮਜ਼ਦਗੀਆਂ ’ਚ ਬਲਾਕ ਸਮਿਤੀ ਕਪੂਰਥਲਾ ਲਈ 110, ਨਡਾਲਾ ਲਈ 89, ਫਗਵਾੜਾ ਲਈ 99, ਫੱਤੂਢੀਂਗਾ ਲਈ 56 ਤੇ ਸੁਲਤਾਨਪੁਰ ਲੋਧੀ ਲਈ 70 ਨਾਮਜ਼ਦਗੀਆਂ ਸ਼ਾਮਿਲ ਹਨ। ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ 10 ਜੋਨ ਹਨ ਜਦਕਿ ਪੰਚਾਇਤ ਸੰਮਤੀਆਂ ਕਪੂਰਥਲਾ, ਫੱਤੂਢੀਂਗਾ , ਸੁਲਤਾਨਪੁਰ , ਫਗਵਾੜਾ, ਨਡਾਲਾ ਦੇ 88 ਜ਼ੋਨ ਹਨ।
ਪੱਟੀ (ਬੇਅੰਤ ਸਿੰਘ ਸੰਧੂ): ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੀਆਂ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਸਾਰੀਆ ਸੀਟਾਂ ’ਤੇ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦੇ ਕਾਗਜ਼ ਦਾਖ਼ਲ ਕਰਵਾਏ ਹਨ। ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਇੱਥੇ ਆਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ ਅਤੇ ਦੱਸਿਆ ਕਿ ਬਲਾਕ ਸਮਿਤੀ ਪੱਟੀ ਅਧੀਨ 16 ਜ਼ੋਨ ਅਤੇ ਨੁਸ਼ਹਿਰਾ ਪੰਨੂਆਂ ਅਧੀਨ 20 ਜ਼ੋਨਾਂ ਸਮੇਤ 5 ਜ਼ਿਲ੍ਹਾ ਪਰਿਸ਼ਦ ਸੀਟਾਂ ’ਤੇ ਪਾਰਟੀ ਚੋਣ ਨਿਸ਼ਾਨ ’ਤੇ ਚੋਣਾਂ ਲੜੀਆਂ ਜਾ ਰਹੀਆਂ ਹਨ।
