ਸਰਹੱਦੀ ਇਲਾਕੇ ਬਾਰੇ ਮੁੱਖ ਮੰਤਰੀ ਦੇ ਫ਼ੈਸਲੇ ਇਤਿਹਾਸਕ: ਸੇਖਵਾਂ
‘ਆਪ’ ਦੇ ਸੂਬਾਈ ਆਗੂ ਅਤੇ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਹੱਦੀ ਖੇਤਰ ਵਿੱਚ ਫੇਰੀ ਦੌਰਾਨ ਗੰਨੇ ਦੇ ਭਾਅ ਵਿੱਚ ਵਾਧਾ ਕਰਨ ਦੇ ਫ਼ੈਸਲਾ ਦਾ ਸਵਾਗਤ ਕੀਤਾ ਹੈੈ। ਉਨ੍ਹਾਂ ਨੇ ਕੌਮੀ ਸਰਹੱਦ ਨੇੜਲੇ ਨਗਰ ਡੇਰਾ ਬਾਬਾ ਨਾਨਕ ਲਈ ਕੀਤੇ ਵੱਡੇ ਐਲਾਨਾਂ ਨੂੰ ਇਤਿਹਾਸਕ ਦੱਸਿਆ। ਸ੍ਰੀ ਸੇਖਵਾਂ ਨੇ ਕਿਹਾ ਕਿ ਹਲਕਾ ਕਾਦੀਆਂ ਦਾ ਬੇਟ ਇਲਾਕਾ ਗੰਨੇ ਦੀ ਬੈਲਟ ਹੋਣ ਕਰ ਕੇ ਵਿਸ਼ੇਸ਼ ਤੌਰ ’ਤੇ ਇਸ ਇਲਾਕੇ ਦੇ ਕਿਸਾਨਾਂ ਨੂੰ ਕਾਫ਼ੀ ਲਾਭ ਮਿਲੇਗਾ। ਸ੍ਰੀ ਸੇਖਵਾਂ ਨੇ ਕਿਹਾ ਕਿ ਹਲਕੇ ’ਚ ਵਿਚਰਦਿਆਂ ਅਕਸਰ ਵੱਖ-ਵੱਖ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਆਮ ਕਿਸਾਨ ਗੰਨੇ ਦੇ ਭਾਅ ’ਚ ਵਾਧਾ ਕਰਨ ਦੀ ਮੰਗ ਕਰਦੇ ਸਨ, ਜੋ ਮੁੱਖ ਮੰਤਰੀ ਨੇ ਪਰਵਾਨ ਕਰ ਦਿੱਤੀ ਹੈ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ’ਚ ਸਰਕਾਰੀ ਕਾਲਜ ਖੋਲ੍ਹਣ, ਦਾਣਾ ਮੰਡੀ ਨੂੰ ਸ਼ਿਫਟ ਕਰਨ ਦੀ ਮੰਗ ਪ੍ਰਵਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਮਾਨ ਦੇ ਫ਼ੈਸਲਿਆਂ ਨੇ ਰਵਾਇਤੀ ਧਿਰਾਂ ਦੇ ਆਗੂਆਂ ਦਾ ਇੱਕ ਤਰ੍ਹਾਂ ਨਾਲ ਮੂੰਹ ਬੰਦ ਕਰ ਦਿੱਤਾ ਹੈ।
