ਬੱਚੇ ਦਾ ਕਤਲ: ਪਰਿਵਾਰ ਵੱਲੋਂ ਪ੍ਰਦਰਸ਼ਨ
ਮ੍ਰਿਤਕ ਹਰਬੀਰ ਸਿੰਘ ਦੇ ਪਿਤਾ ਅਮਨਦੀਪ ਸਿੰਘ ਨੇ ਕਿਹਾ ਕਿ ਨਾਜਾਇਜ਼ ਤੌਰ ’ਤੇ ਰਹਿ ਰਹੇ ਪਰਵਾਸੀਆਂ ਪ੍ਰਤੀ ਪ੍ਰਸ਼ਾਸਨ ਵੱਲੋਂ ਦਿਖਾਈ ਉਦਾਸੀਨਤਾ ਕਰਕੇ ਉਸ ਦੇ ਬੱਚੇ ਦੀ ਜਾਨ ਗਈ। ਉਸ ਨੇ ਕਿਹਾ ਕਿ ਜੋ ਉਸ ਨਾਲ ਵਾਪਰਿਆ ਹੈ ਉਹ ਕਿਸੇ ਹੋਰ ਨਾਲ ਨਾ ਹੋਵੇ, ਇਸ ਲਈ ਪ੍ਰਸ਼ਾਸਨ ਬਣਦੀ ਕਾਰਵਾਈ ਕਰੇ। ਪੀੜਤ ਪਰਿਵਾਰ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਨੇ ਕਤਲ ਦੀ ਨਿੰਦਾ ਕਰਦਿਆਂ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਪਰਵਾਸੀਆਂ ਦੀ ਵੈਰੀਫਿਕੇਸ਼ਨ ਕਰਵਾਉਣ ਦੀ ਮੰਗ ਕੀਤੀ।
ਡੀ.ਐੱਸ.ਪੀ ਦੇਵਦੱਤ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਉਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਨਾਲ ਸਬੰਧਤ ਹੈ ਤੇ ਕੁਝ ਮਹੀਨੇ ਪਹਿਲਾਂ ਹੀ ਹੁਸ਼ਿਆਰਪੁਰ ਆਇਆ ਸੀ। ਉਨ੍ਹਾਂ ਦੱਸਿਆ ਕਿ ਉਤਰ ਪ੍ਰਦੇਸ਼ ਪੁਲੀਸ ਦੀ ਮਦਦ ਨਾਲ ਇਸ ਦੇ ਪਿਛੋਕੜ ਦਾ ਪਤਾ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ ਭਾਰਤੀ ਨਿਆਂ ਸਹਿਤਾ ਤੇ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕੁਸਅਲ ਓਫੈਂਸਸ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ ਸੀ ਤੇ ਅਦਾਲਤ ਨੇ ਦੋ ਦਿਨ ਦਾ ਪੁਲੀਸ ਲਿਮਾਂਡ ਦਿੱਤਾ ਹੈ।