ਸੂਬਾਈ ਕਮਿਸ਼ਨ ਦੇ ਚੇਅਰਮੈਨ ਵੱਲੋਂ ਸਫ਼ਾਈ ਪ੍ਰਬੰਧਾਂ ਦੀ ਸਮੀਖਿਆ
ਗਰੇਵਾਲ ਨੇ ਸ਼ਹਿਰ ਵਿੱਚੋਂ ਕੂੜਾ ਇਕੱਤਰ ਕਰਨ ਅਤੇ ਢੋਹਣ ਲਈ ਨਗਰ ਨਿਗਮ ਦੇ ਪਾਸ ਮੌਜੂਦ ਵਾਹਨਾਂ ਦੀ ਜਾਣਕਾਰੀ ਪ੍ਰਾਪਤ ਕਰਦਿਆਂ ਨਿਰਦੇਸ਼ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਨਗਰ ਨਿਗਮ ਦਾ ਕੋਈ ਵੀ ਵਾਹਨ ਕਿਸੇ ਵੀ ਅਣ-ਅਧਿਕਾਰਤ ਵਿਅਕਤੀ ਵੱਲੋਂ ਨਾ ਚਲਾਇਆ ਜਾਵੇ। ਇਸ ਦੇ ਨਾਲ ਸਾਫ਼-ਸਫਾਈ ਸੇਵਾਵਾਂ ਵਿੱਚ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਬਣੀ ਰਹੇਗੀ। ਉਨ੍ਹਾਂ ਸਫਾਈ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਨਿਯਮਿਤ ਚੈਕਿੰਗ ਕਰਨ ਦੇ ਵੀ ਨਿਰਦੇਸ਼ ਵੀ ਦਿੱਤੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਵਿੱਚ ਸਫਾਈ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਸੌਂਪੀ ਡਿਊਟੀ ਦੇ ਸੰਦਰਭ ਵਿੱਚ ਅੱਜ ਜਲੰਧਰ ਵਿੱਚ ਮੀਟਿੰਗ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਅਜਿਹੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਸਫਾਈ ਵਿਵਸਥਾ ਦੀ ਚੈਕਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਨਗਰ ਨਿਗਮ ਨੂੰ ਛੱਠ ਪੂਜਾ ਦੇ ਤਿਉਹਾਰ ਦੇ ਮੱਦੇਨਜ਼ਰ ਸਾਫ-ਸਫਾਈ ਸਮੇਤ ਹੋਰ ਲੋੜੀਂਦੇ ਪ੍ਰਬੰਧ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ। ਜਲੰਧਰ ਵਿੱਚ ਸਫਾਈ ਕਰਮਚਾਰੀਆਂ ਦੀ ਭਰਤੀ ਲਈ ਮਨਜ਼ੂਰੀ ਦੇਣ ’ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਚੇਅਰਮੈਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਫਾਈ ਕਰਮਚਾਰੀਆਂ ਦੀ ਬਿਹਤਰੀ ਲਈ ਵਚਨਬੱਧ ਹਨ।
