ਪੰਜਾਬ ਦੀ ਮੁੜ ਉਸਾਰੀ ਲਈ ਕੇਂਦਰੀ ਨੀਤੀ ’ਚ ਸੋਧ ਹੋਵੇ: ਧਾਲੀਵਾਲ
ਰਮਦਾਸ/ਅਜਨਾਲਾ (ਰਾਜਨ ਮਾਨ/ਸੁਖਦੇਵ ਅਜਨਾਲ ): ਵਿਧਾਇਕ ਤੇ ਸਾਬਕਾ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਪੰਜਾਬ ਨੂੰ ਮੁੜ ਲੀਹ ’ਤੇ ਲਿਆਉਣ ਲਈ ਕੇਂਦਰੀ ਨੀਤੀ ’ਚ ਸੋਧਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਧਾਲੀਵਾਲ ਨੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਸਰਕਾਰੀ ਤੇ ਗ਼ੈਰਸਰਕਾਰੀ ਸਹਾਇਤਾ ਨਾਲ ਕੀਤੇ ਜਾ ਰਹੇ ਹੜ੍ਹ ਪੀੜਤਾਂ ਦੇ ਪੁਨਰ ਵਸੇਬੇ ਦੀ ਮੁਹਿੰਮ ਜਾਰੀ ਰੱਖਦਿਆਂ ਅੱਜ ਸਰਹੱਦੀ ਪਿੰਡ ਕੋਟ ਰਜਾਦਾ ਤੇ ਸੂਫੀਆਂ ਆਦਿ ਪਿੰਡਾਂ ’ਚ ਨੁਕਸਾਨੇ ਘਰਾਂ ਅਤੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਉਨ੍ਹਾਂ ਕਿਹਾ ਕਿ ‘ਮਿਸ਼ਨ ਚੜ੍ਹਦੀ ਕਲਾ’ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ 26 ਤੋਂ 29 ਸਤੰਬਰ ਤੱਕ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਲਿਆ ਹੈ। ਸੈਸ਼ਨ ’ਚ ਕੇਂਦਰੀ ਸਰਕਾਰ ਦੇ ਰਾਹਤ ਫੰਡ ਦੀ ਨੀਤੀ ਤਹਿਤ ਫਸਲਾਂ ਦੇ 100 ਫੀਸਦੀ ਖਰਾਬੇ ਬਦਲੇ ਦਿੱਤੀ ਜਾਣ ਵਾਲੀ 6800 ਰੁਪਏ ਪ੍ਰਤੀ ਏਕੜ ਮੁਆਵਜ਼ਾ, ਮਰੇ ਪਸ਼ੂਆਂ ਦਾ ਪ੍ਰਤੀ ਪਸ਼ੂ 37,500 ਰੁਪਏ, ਨੁਕਸਾਨੇ ਗਏ ਘਰਾਂ ਦਾ 40 ਹਜ਼ਾਰ ਰੁਪਏ ਅਤੇ ਹੜ੍ਹਾਂ ’ਚ ਮਾਰੇ ਗਏ ਵਿਅਕਤੀਆਂ ਦੇ ਆਸ਼ਰਿਤਾਂ ਨੂੰ ਦੋ-ਦੋ ਲੱਖ ਰੁਪਏ ਆਦਿ ਮੁਆਵਜ਼ਾ ਰਾਸ਼ੀ ’ਚ ਸੂਬਾ ਸਰਕਾਰ ਵਲੋਂ ਪੰਜਾਬ ਦੇ ਪੁਨਰ ਨਿਰਮਾਣ ਲਈ ਹੰਭਲਾ ਮਾਰਨ ਹਿੱਤ ਕੇਂਦਰੀ ਨੀਤੀ ’ਚ ਸੋਧਾਂ ਕੀਤੀਆਂ ਜਾਣ । ਇਸ ਤਹਿਤ ਹੜ੍ਹਾਂ ਕਾਰਨ ਪੰਜਾਬ ਦੇ 23 ਜ਼ਿਲ੍ਹਿਆਂ ਦੇ 2300 ਤੋਂ ਵੱਧ ਪਿੰਡਾਂ ’ਚ 3200 ਸਕੂਲਾਂ, 1400 ਸਿਹਤ ਕੇਂਦਰਾਂ, 8500 ਕਿਲੋਮੀਟਰ ਸੜਕਾਂ, 2500 ਪੁਲਾਂ, ਪੰਚਾਇਤ ਘਰਾਂ ਸਮੇਤ 20 ਲੱਖ ਤੋਂ ਵੱਧ ਪ੍ਰਭਾਵਿਤ ਹੋਏ ਲੋਕਾਂ, ਨੁਕਸਾਨੇ ਗਏ ਘਰਾਂ, ਹੜ੍ਹਾਂ ’ਚ 56 ਵਿਅਕਤੀਆਂ ਦੀਆਂ ਹੋਈਆਂ ਗੈਰ-ਕੁਦਰਤੀ ਮੌਤਾਂ ਤੇ ਸੈਂਕੜੇ ਪਸ਼ੂਆਂ ਦੇ ਹੜ੍ਹਾਂ ਦੇ ਪਾਣੀ ’ਚ ਰੁੜ੍ਹ ਜਾਣ ਆਦਿ ਨੁਕਸਾਨ ਦੀ ਭਰਪਾਈ ਤਹਿਤ ਫਸਲਾਂ ਦੇ ਖਰਾਬੇ ਲਈ 20 ਹਜ਼ਾਰ ਰੁਪਏ ਪ੍ਰਤੀ ਏਕੜ ਸਮੇਤ ਨੁਕਸਾਨੇ ਘਰਾਂ , ਪਸ਼ੂਆਂ ਆਦਿ ਦੇ ਮੁਆਵਜਾ ਰਾਸ਼ੀ ’ਚ ਵੀ ਉਚਿਤ ਵਾਧਾ ਕੀਤਾ ਜਾ ਸਕਦਾ।