ਕਵੀ ਸੰਤੋਖ ਸਿੰਘ ਦੇ ਜਨਮ ਦਿਨ ’ਤੇ ਸਮਾਗਮ
ਮਹਾਕਵੀ ਭਾਈ ਸੰਤੋਖ ਸਿੰਘ ਯਾਦਗਾਰੀ ਕਮੇਟੀ ਵੱਲੋਂ ਉਨ੍ਹਾਂ ਦਾ ਜਨਮ ਦਿਨ ਸਮਾਗਮ ਇੱਥੇ ਪੰਜਾਬ ਪ੍ਰੈੱਸ ਕਲੱਬ ਵਿੱਚ ਕਰਵਾਇਆ ਗਿਆ, ਜਿਸ ਵਿੱਚ ਮਹਾਕਵੀ ਦੀ ਯਾਦ ’ਚ ਤੀਜਾ ਪੁਰਸਕਾਰ ਸ਼ਾਇਰ ਬੀਬਾ ਬਲਵੰਤ ਨੂੰ ਭੇਟ ਕੀਤਾ ਗਿਆ।
ਸਮਾਗਮ ਦੇ ਆਰੰਭ ਵਿੱਚ ਯਾਦਗਾਰੀ ਕਮੇਟੀ ਦੇ ਜਨਰਲ ਸਕੱਤਰ ਜੋਗਿੰਦਰ ਸਿੰਘ ਸੰਧੂ ਨੇ ਮਹਾਕਵੀ ਭਾਈ ਸੰਤੋਖ ਸਿੰਘ ਬਾਰੇ ਹਰ ਸਾਲ ਹੋਣ ਵਾਲੇ ਸਮਾਗਮ ਬਾਰੇ ਦੱਸਿਆ ਅਤੇ ਪ੍ਰਧਾਨਗੀ ਮੰਡਲ ਵਿੱਚ ਕਰਨਲ ਜਸਵੀਰ ਸਿੰਘ ਭੁੱਲਰ, ਡਾ. ਐੱਚ ਐੱਸ ਬੇਦੀ, ਪਰਮਜੀਤ ਸਿੰਘ ਚਾਵਲਾ ਅਤੇ ਬੀਬਾ ਬਲਵੰਤ ਨੂੰ ਸ਼ਾਮਲ ਕੀਤਾ। ਇਸ ਪਿੱਛੋਂ ਸੰਧੂ ਨੇ ਮਹਾਕਵੀ ਭਾਈ ਸੰਤੋਖ ਸਿੰਘ ਯਾਦਗਾਰੀ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਬੇਦੀ ਨੂੰ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਨ ਲਈ ਸੱਦਾ ਦਿੱਤਾ। ਸਮਾਗਮ ਵਿੱਚ ਬੀਬਾ ਬਲਵੰਤ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਬਾਰੇ ਡਾ. ਨਵਰੂਪ ਕੌਰ ਨੇ ਜਾਣ-ਪਛਾਣ ਕਰਾਉਂਦਿਆਂ ਅਤੇ ਉਨ੍ਹਾਂ ਦੀ ਸਮੁੱਚੀ ਕਵਿਤਾ ਬਾਰੇ ਗੱਲਬਾਤ ਕੀਤੀ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਕਰਨਲ ਜਸਬੀਰ ਭੁੱਲਰ, ਡਾ. ਐੱਚ ਐੱਸ ਬੇਦੀ ਅਤੇ ਪਰਮਜੀਤ ਸਿੰਘ ਚਾਵਲਾ ਦਾ ਵੀ ਸਨਮਾਨ ਕੀਤਾ ਗਿਆ। ਇਸ ਦੌਰਾਨ ਕਾਵਿ ਰਚਨਾਵਾਂ ਦਾ ਦੌਰ ਚੱਲਿਆ। ਲਗਪਗ ਢਾਈ ਘੰਟੇ ਚੱਲੇ ਇਸ ਸਮਾਗਮ ਵਿੱਚ 50 ਲੇਖਕ ਅਤੇ ਸਰੋਤੇ ਹਾਜ਼ਰ ਸਨ। ਇਨ੍ਹਾਂ ਵਿੱਚ ਸੰਤ ਨਾਮਦੇਵ ਭਵਨ ਤੋਂ ਪਹੁੰਚੇ ਮਨੋਹਰ ਲਾਲ, ਆਰ ਪੀ ਗਾਂਧੀ, ਗੁਰਪ੍ਰੀਤ ਸਾਗਰ, ਹਰਅੰਮ੍ਰਿਤ ਅਮੋਲ ਤੋਂ ਇਲਾਵਾ ਪੰਜਾਬੀ ਦੇ ਸ਼ਾਇਰ ਅਮਰੀਕ ਡੋਗਰਾ, ਕਰਮਜੀਤ ਸਿੰਘ ਨੂਰ, ਮੱਖਣ ਮਾਨ, ਕਹਾਣੀਕਾਰ ਭਗਵੰਤ ਰਸੂਲਪੁਰੀ ਅਤੇ ਹੋਰ ਪਤਵੰਤੇ ਸ਼ਾਮਲ ਸਨ।