ਪ੍ਰਦੂਸ਼ਣ ਮੁਕਤ ਦੀਵਾਲੀ ਮਨਾਈ
ਜਲੰਧਰ: ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਪ੍ਰਧਾਨਗੀ ਅਤੇ ਵਿਭਾਗ ਮੁਖੀ ਡਾ. ਸੰਜੈ ਬਾਂਸਲ ਦੀ ਅਗਵਾਈ ਹੇਠ ਮੇਹਰਚੰਦ ਪੌਲੀਟੈਕਨਿਕ ਕਾਲਜ ਦੇ ਫਾਰਮੇਸੀ ਵਿਭਾਗ ਨੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਈ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੋ. ਮੀਨਾ ਬਾਂਸਲ ਨੇ ਕਿਹਾ ਕਿ ਦੀਵਾਲੀ ਖੁਸ਼ੀ ਤੇ ਰੌਸ਼ਨੀ ਦਾ ਤਿਉਹਾਰ ਹੈ। ਪਟਾਕੇ ਪ੍ਰਦੂਸ਼ਣ ਪੈਦਾ ਕਰਦੇ ਹਨ, ਇਸ ਲਈ ਇਨ੍ਹਾਂ ਦੀ ਵਰਤੋਂ ਸੀਮਤ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਨੇ ਰੰਗੋਲੀ ਬਣਾਈ ਅਤੇ ਕਾਲਜ ਨੂੰ ਰੰਗੀਨ ਹਾਰਾਂ ਨਾਲ ਸਜਾਇਆ। ਉਨ੍ਹਾਂ ਨੇ ਗ੍ਰੀਨ ਦੀਵਾਲੀ ਦੇ ਸੰਦੇਸ਼ ਵਾਲੇ ਪੋਸਟਰ ਵੀ ਬਣਾਏ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਦਿਆਰਥੀਆਂ ਨੂੰ ਦੀਵਾਲੀ ’ਤੇ ਸਿਰਫ਼ ਹਰੇ ਪਟਾਕੇ ਚਲਾਉਣ ਅਤੇ ਤੋਹਫ਼ੇ ਵਜੋਂ ਬੂਟੇ ਦੇਣ ਦੀ ਅਪੀਲ ਕੀਤੀ। ਇਸ ਮੌਕੇ ਮੀਨਾ ਬਾਂਸਲ, ਸੰਦੀਪ ਕੁਮਾਰ, ਪੰਕਜ ਗੁਪਤਾ, ਸਵਿਤਾ ਕੁਮਾਰੀ, ਅਭਿਸ਼ੇਕ ਸ਼ਰਮਾ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ
ਹਰਚੰਦ ਤੇ ਹਰਨੂਰ ਨੇ ਸੋਨ ਤਗ਼ਮੇ ਜਿੱਤੇ
ਮੁਕੇਰੀਆਂ: ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਅਧੀਨ ਚੱਲ ਰਹੇ ਦਸਮੇਸ਼ ਪਬਲਿਕ ਸਕੂਲ ਚੱਕ ਅੱਲਾ ਬਖਸ਼ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਡਾ. ਸਜੀਵ ਚੰਦੇਲ ਨੇ ਦੱਸਿਆ ਕਿ ਸ਼ੂਟਿੰਗ ਮੁਕਾਬਲੇ (ਏਅਰ ਪਿਸਟਲ 10 ਮੀਟਰ) ਵਿੱਚੋਂ ਲੜਕਿਆਂ ਦੇ ਅੰਡਰ -14 ਸਾਲ ਵਰਗ ਵਿੱਚ ਦੀਪਿੰਦਰ ਸਿੰਘ ਨੇ ਚਾਂਦੀ, ਏਅਰ ਰਾਈਫਲ 10 ਮੀਟਰ ਵਿੱਚ ਹਰਚੰਦ ਨੇ ਸੋਨੇ ਤਗਮਾ ਹਾਸਿਲ ਕੀਤਾ। ਲੜਕੀਆਂ ਨੇ ਅੰਡਰ -17 ਦੇ ਏਅਰ ਪਿਸਟਲ 10 ਮੀਟਰ ਵਿੱਚ ਹਰਨੂਰ ਕੌਰ ਨੇ ਸੋਨ ਤਗ਼ਮ, ਪਰੀਨਿਧੀ ਨੇ ਅੰਡਰ -14 ਸਾਲ ਦੇ ਏਅਰ ਰਾਈਫਲ 10 ਮੀਟਰ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਸਕੂਲ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਅਤੇ ਟਰੱਸਟੀ ਸੱਤਪਾਲ ਸਿੰਘ, ਹਰਪਾਲ ਸਿੰਘ, ਬਿਕਰਮਜੀਤ ਸਿੰਘ, ਸੁਰਜੀਤ ਸਿੰਘ ਭੱਟੀਆਂ, ਦਵਿੰਦਰ ਸਿੰਘ, ਹਰਿੰਦਰਜੀਤ ਸਿੰਘ, ਹਰਮਨਜੀਤ ਸਿੰਘ ਨੇ ਵਿਦਿਆਰਥੀਆਂ ਤੇ ਅਤੇ ਕੋਚ ਹਰਿੰਦਰਪਾਲ ਸਿੰਘ, ਪਰਮਿੰਦਰਜੀਤ ਕੌਰ ਤੇ ਪਰਮਜੀਤ ਕੌਰ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ
ਭਾਸ਼ਾ ਵਿਭਾਗ ਨੇ ਕੁਇਜ਼ ਕਰਵਾਏ
ਅੰਮ੍ਰਿਤਸਰ: ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਕੁਇਜ਼ (ਲਿਖਤੀ ਮੁਕਾਬਲਾ) ਸਰਕਾਰੀ ਹਾਈ ਸਕੂਲ ਪੁਤਲੀਘਰ ਵਿਖੇ ਕਰਵਾਇਆ ਗਿਆ। ਡਾ. ਇੰਦਰਜੀਤ ਸਿੰਘ ਖੋਜ ਅਫ਼ਸਰ ਨੇ ਦੱਸਿਆ ਕਿ ਸਮਾਗਮ ਦੀ ਮੁੱਖ ਅਧਿਆਪਕ ਵਿਨੋਦ ਕਾਲੀਆ ਨੇ ਕੀਤੀ। ਮੰਚ ਸੰਚਾਲਨ ਗੁਰਜੀਤ ਕੌਰ (ਸਟੇਟ ਐਵਾਰਡੀ) ਅਤੇ ਰਾਜਬੀਰ ਕੌਰ ਗਰੇਵਾਲ ਨੇ ਕੀਤਾ। ਬਾਲ ਸਾਹਿਤ ਕੁਇਜ਼ ਤਿੰਨ ਵਰਗਾਂ (ੳ, ਅ ਅਤੇ ੲ) ਵਿੱਚ ਕਰਵਾਏ ਗਏ। ਵਰਗ ‘ੳ’ ਵਿੱਚ ਪਰਨੀਤ ਕੌਰ, ਜਸ਼ਨਪ੍ਰੀਤ ਕੌਰ, ਪਲਵੀ ਕੁਮਾਰੀ, ਵਰਗ (ਅ) ਵਿੱਚ ਰਾਜਦੀਪ ਕੌਰ, ਜੋਤਰੂਪ ਕੌਰ, ਅਨੁਰੀਤ ਕੌਰ, ਵਰਗ (ੲ) ਵਿੱਚ ਨਿਰਮਲਾ ਰਾਣੀ (ਡਾਇਟ ਵੇਰਕਾ), ਸੁਖਵਿੰਦਰ ਸਿੰਘ (ਡਾਇਟ ਵੇਰਕਾ) ਅਤੇ ਦਲਜੀਤ ਕੌਰ (ਖਾਲਸਾ ਕਾਲਜ ਅੰਮ੍ਰਿਤਸਰ) ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਡਾ. ਇੰਦਰਜੀਤ ਸਿੰਘ, ਵਿਨੋਦ ਕਾਲੀਆ, ਪੂਜਾ ਕਲਰਕ, ਸ੍ਰੀ ਵਰੁਣ ਕੁਮਾਰ ਅਤੇ ਰਾਕੇਸ਼ ਸਿੰਘ ਨੇ ਜੇਤੂਆਂ ਨੂੰ ਇਨਾਮ ਦਿੱਤੇ। -ਪੱਤਰ ਪ੍ਰੇਰਕ
ਮਹਿਕਦੀਪ ਕੌਰ ਜਿੱਤਿਆ ਸੋਨ ਤਗਮਾ
ਧਾਰੀਵਾਲ: ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਧਾਰੀਵਾਲ ਦੀ ਵਿਦਿਆਰਥਣ ਮਹਿਕਦੀਪ ਕੌਰ ਨੇ ਸੂਬਾ ਪੱਧਰੀ ਭਾਰ ਤੋਲਣ (ਵੇਟਲਿਫਟਿੰਗ) ਮੁਕਾਬਲਿਆਂ ਵਿੱਚੋਂ ਸੋਨ ਤਗਮਾ ਜਿੱਤਿਆ। ਮਹਿਕਦੀਪ ਕੌਰ ਪੁੱਤਰੀ ਮੇਜਰ ਸਿੰਘ ਵਾਸੀ ਬਿਧੀਪੁਰ ਦੀ ਚੋਣ ਕੌਮੀ ਮੁਕਾਬਲੇ ਲਈ ਹੋਈ ਹੈ। ਪ੍ਰਿੰਸੀਪਲ ਡਾ. ਗਗਨਜੀਤ ਕੌਰ ਨੇ ਦੱਸਿਆ ਕਿ ਖੰਨਾ ਵਿੱਚ ਹੋਏ ਤਿੰਨ ਰੋਜ਼ਾ ਸੂਬਾ ਪੱਧਰੀ ਭਾਰ ਤੋਲਣ (ਵੇਟਲਿਫਟਿੰਗ) ਵਿੱਚ ਸਕੂਲ ਦੀਆਂ ਪੰਜ ਵਿਦਿਆਰਥਣਾਂ ਮਹਿਕਦੀਪ ਕੌਰ, ਰੂਬੀ, ਪਲਵੀ, ਸਨੇਹਾ, ਰਿਸ਼ਾ ਨੇ ਭਾਗ ਲਿਆ। ਅੰਡਰ- 17 ਵਿੱਚ ਮਹਿਕਦੀਪ ਕੌਰ ਨੇ ਸੋਨ ਤਗਮਾ ਜਿੱਤਿਆ। ਅੱਜ ਸਕੂਲ ਪਹੁੰਚਣ ’ਤੇ ਸਮੂਹ ਸਟਾਫ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਕੋਚ ਸੁਰਿੰਦਰ ਸ਼ਰਮਾ, ਪਲਵਿੰਦਰ ਕੌਰ, ਅਮਨਦੀਪ ਕੌਰ ਅਤੇ ਸੋਨੀਆ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ
ਡੀਈਓ ਵੱਲੋਂ ਸਕੂਲਾਂ ਦੀ ਚੈਕਿੰਗ
ਬਟਾਲਾ: ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ/ਸੈਕੰਡਰੀ) ਪਰਮਜੀਤ ਵੱਲੋਂ ਸਕੂਲਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਗਾਂਧੀ ਕੈਂਪ ਦੇ ਸਰਕਾਰੀ ਐਲੀਮੈਂਟਰੀ ਸਕੂਲਾਂ (ਲੜਕੇ ਤੇ ਲੜਕੀਆਂ) ਅਤੇ ਸਰਕਾਰੀ ਮਿਡਲ ਸਕੂਲ ਦੀ ਚੈਕਿੰਗ ਕੀਤੀ ਗਈ। ਡੀਈਓ ਵੱਲੋਂ ਇਨ੍ਹਾਂ ਸਕੂਲਾਂ ਦੇ ਰਿਕਾਰਡ ਵੀ ਦੇਖੇ ਗਏ, ਜੋ ਉਕਤ ਸਕੂਲਾਂ ਦੇ ਰਿਕਾਰਡ ਸਹੀ ਪਾਏ ਗਏ। ਇਸ ਮੌਕੇ ਉਨ੍ਹਾਂ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਖੂਬ ਮਿਹਨਤ ਕਰਵਾਉਣ। ਇਸ ਮੌਕੇ ਸੈਂਟਰ ਹੈੱਡ ਟੀਚਰਜ਼ ਰਣਜੀਤ ਸਿੰਘ ਛੀਨਾ, ਮਿਡਲ ਸਕੂਲ ਮੁਖੀ ਰਣਜੀਤ ਕੌਰ, ਸਕੂਲ ਮੁਖੀ ਨੀਰੂ ਅਤੇ ਰਵਿੰਦਰ ਸਿੰਘ ਸਮੇਤ ਹੋਰ ਅਧਿਆਪਕ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਸਕੂਲ ’ਚ ਦੀਵਾਲੀ ਮਨਾਈ
ਫਗਵਾੜਾ: ਕੈਂਬਰਿਜ ਇੰਟਰਨੈਸ਼ਨਸਲ ਸਕੂਲ ’ਚ ਕਿੰਡਰਗਾਰਡਨ ਦੇ ਵਿਦਿਆਰਥੀਆਂ ਵੱਲੋਂ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਛੋਟੇ ਬੱਚਿਆਂ ਨੇ ਕਰਾਫ਼ਟ ਰਾਹੀਂ ਆਪਣੀਆਂ ਕਲਾਸਾਂ ਨੂੰ ਸਜਾਇਆ। ਇਸ ਮੌਕੇ ਦੀਵਾਲੀ ਦੇ ਤਿਉਹਾਰ ਨੂੰ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਮਨਾਇਆ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਭਾਈ ਦੂਜ ਤੇ ਦੀਵਾਲੀ ਦੇ ਮਹੱਤਵ ਬਾਰੇ ਚਾਨਣਾ ਪਾਇਆ। ਪ੍ਰਿੰ. ਜੋਰਾਵਰ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ