ਜਾਤੀ ਸਰਟੀਫਿਕੇਟ ਮਾਮਲਾ: ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਏਡੀਸੀ ਤਲਬ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਗਲਤ ਜਾਣਕਾਰੀ ਦੇ ਆਧਾਰ ’ਤੇ ਜਾਤੀ ਸਰਟੀਫਿਕੇਟ ਬਣਾਉਣ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਵਧੀਕ ਡਿਪਟੀ ਕਮਿਸ਼ਨਰ ਨੂੰ 9 ਸਤੰਬਰ ਤਲਬ ਕੀਤਾ ਹੈ।
‘ਪੰਜਾਬੀ ਟ੍ਰਿਬਿਊਨ’ ਅਖਬਾਰ ਵਿੱਚ ‘ਗਲਤ ਜਾਣਕਾਰੀ ਦੇ ਆਧਾਰ ’ਤੇ ਜਾਤੀ ਸਰਟੀਫਿਕੇਟ ਬਣਾਉਣ ਦੇ ਦੋਸ਼’ ਦੇ ਸਿਰਲੇਖ ਹੇਠ ਖਬਰ ਛਪੀ ਸੀ, ਜਿਸ ਮਗਰੋਂ ਕਮਿਸ਼ਨ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਪੱਤਰ ਲਿਖ ਕੇ ਵਧੀਕ ਡਿਪਟੀ ਕਮਿਸ਼ਨਰ ਨੂੰ ਸਾਰੀ ਜਾਣਕਾਰੀ ਸਣੇ ਪੇਸ਼ ਹੋਣ ਲਈ ਆਖਿਆ ਹੈ। ਜ਼ਿਕਰਯੋਗ ਹੈ ਕਿ ਕਰਤਾਰਪੁਰ ਦੇ ਨੇੜਲੇ ਪਿੰਡ ਰਾਮਪੁਰ ਦੇ ਸਰਪੰਚ ਅਤੇ ਪਟਵਾਰੀ ਵੱਲੋਂ ਪਿੰਡ ਵਿੱਚ ਆਰਜ਼ੀ ਤੌਰ ’ਤੇ ਰਹਿ ਰਹੇ ਇੱਕ ਵਿਅਕਤੀ ਵੱਲੋਂ ਜਾਤੀ ਸਰਟੀਫਿਕੇਟ ਬਣਾਉਣ ਲਈ ਦਿੱਤੀ ਦਰਖਾਸਤ ’ਤੇ ਇਤਰਾਜ਼ ਲਾਇਆ ਸੀ ਜਿਸ ਦੇ ਬਾਵਜੂਦ ਤਹਿਸੀਲਦਾਰ ਵੱਲੋਂ ਹਲਫ਼ੀਆ ਬਿਆਨ ਦੇ ਆਧਾਰ ’ਤੇ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਸੀ।
ਇਸ ਸਬੰਧੀ ਪਿੰਡ ਦੇ ਸਰਪੰਚ ਪ੍ਰਭ ਦਿਆਲ ਰਾਮਪੁਰ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਲਿਖਤੀ ਸ਼ਿਕਾਇਤ ਭੇਜੀ ਸੀ। ਪੰਜਾਬੀ ਟ੍ਰਿਬਿਊਨ ਵਿੱਚ ਖਬਰ ਛਪਣ ਦਾ ਨੋਟਿਸ ਲੈਂਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਐਕਟ 2004 ਤਹਿਤ ਕਾਰਵਾਈ ਕੀਤੀ ਹੈ। ਸਰਪੰਚ ਪ੍ਰਭ ਦਿਆਲ ਰਾਮਪੁਰ ਨੇ ਕਿਹਾ ਕਿ ਦੂਜੇ ਸੂਬਿਆਂ ਤੋਂ ਇੱਥੇ ਆ ਕੇ ਆਰਜੀ ਤੌਰ ’ਤੇ ਰਹਿ ਰਹੇ ਲੋਕ ਜਾਤੀ ਸਰਟੀਫਿਕੇਟ ਬਣਾ ਕੇ ਪੰਜਾਬੀਆਂ ਦਾ ਨੌਕਰੀ ਲੈਣ ਮੌਕੇ ਹੱਕ ਮਾਰ ਰਹੇ ਹਨ।