ਕਾਸੋ ਮੁਹਿੰਮ: ਬੱਸ ਅੱਡੇ ’ਤੇ ਚੈਕਿੰਗ ਕੀਤੀ
ਜਨਤਕ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਸ਼ਹਿਰ ਵਿੱਚ ਸ਼ਾਂਤੀ ਕਾਇਮ ਰੱਖਣ ਦੇ ਉਦੇਸ਼ ਨਾਲ ਜਲੰਧਰ ਕਮਿਸ਼ਨਰੇਟ ਪੁਲੀਸ ਵੱਲੋਂ ਵੱਖ-ਵੱਖ ਥਾਵਾਂ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਪੱਕਾ ਕਰਨ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਬੱਸ ਅੱਡਾ ਜਲੰਧਰ ਵਿੱਚ ਵਿਸ਼ੇਸ਼ ਕਾਸੋ ਅਪਰੇਸ਼ਨ ਚਲਾਇਆ ਗਿਆ। ਮੌਕੇ ’ਤੇ ਏ ਡੀ ਸੀ ਪੀ ਹੈੱਡਕੁਆਰਟਰ ਸੁਖਵਿੰਦਰ ਸਿੰਘ ਅਤੇ ਏ ਸੀ ਪੀ ਮਾਡਲ ਟਾਊਨ ਪੰਕਜ ਸ਼ਰਮਾ ਨੇ ਖੁਦ ਨਿਗਰਾਨੀ ਕੀਤੀ ਤੇ ਸੁਰੱਖਿਆ ਇੰਤਜ਼ਾਮਾਂ ਦੀ ਸਮੀਖਿਆ ਕੀਤੀ। ਇਹ ਕਾਰਵਾਈ ਐੱਸ ਐੱਚ ਓ ਥਾਣਾ ਡਵੀਜ਼ਨ ਨੰਬਰ 6 ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿੱਚ ਥਾਣਾ ਪੁਲੀਸ ਦੇ ਨਾਲ-ਨਾਲ ਡੌਗ ਸਕੁਐਡ ਅਤੇ ਦੰਗਾ ਰੋਕੂ ਪੁਲੀਸ ਟੀਮਾਂ ਨੇ ਹਿੱਸਾ ਲਿਆ। ਅਪਰੇਸ਼ਨ ਦੌਰਾਨ ਬੱਸ ਅੱਡੇ ’ਚ ਵੇਟਿੰਗ ਹਾਲ, ਯਾਤਰੀਆਂ ਦੇ ਸਾਮਾਨ, ਅੰਦਰਲੀਆਂ ਦੁਕਾਨਾਂ ਅਤੇ ਪਾਰਕਿੰਗ ਖੇਤਰਾਂ ਦੀ ਤਲਾਸ਼ੀ ਲਈ। ਜਲੰਧਰ ਪੁਲੀਸ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਅਪਰੇਸ਼ਨਾਂ ਦੌਰਾਨ ਪੂਰਾ ਸਹਿਯੋਗ ਕਰਨ ਅਤੇ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਗੈਰਕਾਨੂੰਨੀ ਗਤੀਵਿਧੀ ਨਜ਼ਰ ਆਏ ਤਾਂ ਤੁਰੰਤ ਪੁਲੀਸ ਹੈਲਪਲਾਈਨ ਨੰਬਰ 112 ’ਤੇ ਸੂਚਨਾ ਦਿੱਤੀ ਜਾਵੇ।
