ਘਰ ’ਚੋਂ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ
ਵਰਿੰਦਰਜੀਤ ਸਿੰਘ ਜਾਗੋਵਾਲ
ਕਾਹਨੂੰਵਾਨ, 22 ਫਰਵਰੀ
ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਸੱਲੋਪੁਰ ਵਿੱਚ ਦਿਨ ਦਿਹਾੜੇ ਚੋਰੀ ਹੋ ਗਈ। ਜਾਣਕਾਰੀ ਅਨੁਸਾਰ ਇਲਾਕੇ ਵਿੱਚ ਸਰਗਰਮ ਚੋਰ ਗਰੋਹ ਇੱਕ ਘਰ ਵਿੱਚ ਦਾਖਲ ਹੋ ਕੇ 50 ਹਜ਼ਾਰ ਦੇ ਕਰੀਬ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਗਿਆ। ਪਿੰਡ ਸੱਲੋਪੂਰ ਵਾਸੀ ਸੂਬੇਦਾਰ ਪਿਆਰਾ ਸਿੰਘ ਨੇ ਦੱਸਿਆ ਕਿ ਉਹ ਅੱਜ ਦੁਪਹਿਰ ਵੇਲੇ ਪਤਨੀ ਕੁਲਵਿੰਦਰ ਕੌਰ ਦੇ ਨਾਲ ਘਰ ਤੋਂ ਥੋੜ੍ਹੀ ਦੂਰ ਰਹਿੰਦੇ ਪੁੱਤਰ ਬੂੜ ਸਿੰਘ ਅਤੇ ਨਰਿੰਦਰ ਸਿੰਘ ਦੇ ਘਰ ਉਨ੍ਹਾਂ ਨੂੰ ਮਿਲਣ ਲਈ ਗਏ ਸਨ। ਮਿਲਣ ਤੋਂ ਬਾਅਦ ਵਾਪਸ ਪਹੁੰਚ ਕੇ ਜਦੋਂ ਉਹ ਘਰ ਅੰਦਰ ਦਾਖਲ ਹੋਏ ਤਾਂ ਦੇਖਿਆ ਕਿ ਕਮਰਿਆਂ ਦੇ ਤਾਲੇ ਟੁੱਟੇ ਹੋਏ ਹਨ। ਘਰ ਅੰਦਰ ਪਈ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ ਅਤੇ ਅਲਮਾਰੀ ਦੇ ਵਿੱਚੋਂ 50 ਹਜ਼ਾਰ ਰੁਪਏ ਦੀ ਨਕਦੀ 5 ਤੋਲੇ ਸੋਨੇ ਦੇ ਗਹਿਣੇ ਗ਼ਾਇਬ ਸਨ। ਪੀੜਤ ਪਿਆਰਾ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਥਾਣਾ ਕਾਹਨੂੰਵਾਨ ਦੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲੀਸ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਗਈ। ਪੁਲੀਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
