ਕਾਰੋਬਾਰੀ ਨੂੰ ਧਮਕਾਉਣ ਖ਼ਿਲਾਫ਼ ਕੇਸ ਦਰਜ
ਪੀੜਤ ਕਾਰੋਬਾਰੀ ਜੈਲਦਾਰ ਇਨੋਵੇਸ਼ਨ ਦੇ ਮਾਲਕ ਮਲਕੀਤ ਸਿੰਘ ਵਾਸੀ ਹਿਆਤਪੁਰ ਨੇ ਦੱਸਿਆ ਕਿ ਉਹ ਪੀਟੀਓ ਵਾਲੀਆਂ ਟਰਾਲੀਆਂ ਬਣਾਉਂਦਾ ਹੈ। ਬੀਤੀ 28 ਸਤੰਬਰ ਨੂੰ ਕਰੀਬ 8-10 ਵਿਆਕਤੀ ਉਸ ਦੀ ਫੈਕਟਰੀ ਵਿੱਚ ਪੀਟੀਓ ਵਾਲੀਆਂ ਟਰਾਲੀਆਂ ਦੀ ਖਰੀਦ ਕਰਨ ਆਏ ਸਨ। ਇਨ੍ਹਾਂ ਵਿੱਚੋਂ ਇੱਕ ਨੇ ਆਪਣੇ ਆਪ ਨੂੰ ਸੱਤਾਧਾਰੀ ਪਾਰਟੀ ਦੇ ਹਲਕਾ ਇੰਚਾਰਜ ਗੁਰਧਿਆਨ ਸਿੰਘ ਮੁਲਤਾਨੀ ਦਾ ਪੁੱਤਰ ਅਤੇ ਦੂਜੇ ਨੇ ਆਪਣੀ ਪਛਾਣ ਬਟਾਲਾ ਦੇ ਗਾਇਕ ਵਜੋਂ ਦੱਸੀ ਸੀ। ਕੁਟੇਸ਼ਨ ਦੇਣ ਤੋਂ ਬਾਅਦ ਗਾਇਕ ਨੇ ਟਰਾਲੀਆਂ ਦੀ ਤੁਰੰਤ ਮੰਗ ਕੀਤੀ ਪਰ ਉਸ ਨੇ ਕੰਮ ਦੀ ਬਹੁਤਾਤ ਹੋਣ ਕਾਰਨ ਟਰਾਲੀਆਂ ਦੀ ਸਪਲਾਈ ਫਰਵਰੀ 2026 ਤੱਕ ਹੀ ਸੰਭਵ ਹੋਣ ਬਾਰੇ ਆਖਿਆ। ਮਲਕੀਤ ਸਿੰਘ ਨੇ ਦੱਸਿਆ ਕਿ ਜਾਣ ਮੌਕੇ ਗਾਇਕ ਤੇ ਉਸ ਦੇ ਸਾਥੀ ਨੇ ਕਿਹਾ,‘ਜੇਕਰ ਤੁਹਾਨੂੰ ਜੇਕਰ ਕੋਈ ਗੈਂਗਸਟਰ ਤੰਗ ਕਰੇ ਤਾਂ ਸਾਨੂੰ ਦੱਸਿਓ।’ ਫੈਕਟਰੀ ਮਾਲਕ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਮੁਕੇਰੀਆਂ ਥਾਣੇ ਦੇ ਮੁਨਸ਼ੀ ਦਾ ਵੀ ਗਾਇਕ ਨੂੰ ਤੁਰੰਤ ਟਰਾਲੀਆਂ ਦੇਣ ਬਾਰੇ ਫੋਨ ਆ ਗਿਆ।
ਫੈਕਟਰੀ ਮਾਲਕ ਨੇ ਦੱਸਿਆ ਕਿ 3 ਅਕਤੂਬਰ, 5 ਅਕਤੂਬਰ ਅਤੇ 7 ਅਕਤੂਬਰ ਨੂੰ ਉਕਤ ਗਾਇਕ ਅਤੇ ਹਲਕਾ ਇੰਚਾਰਜ ਦਾ ਪੁੱਤਰ ਆਪਣੇ ਸਾਥੀਆਂ ਸਮੇਤ ਉਸਦੀ ਫੈਕਟਰੀ ’ਚ ਆ ਕੇ ਟਰਾਲੀਆਂ ਜਲਦੀ ਦੇਣ ਦਾ ਦਬਾਅ ਬਣਾਉਂਦੇ ਰਹੇ ਪਰ ਉਹ ਸਪਲਾਈ ਮਿੱਥੇ ਸਮੇਂ ’ਤੇ ਹੀ ਕਰਨ ’ਤੇ ਕਾਇਮ ਰਹੇ, ਪਰ ਜਾਣ ਲੱਗਿਆਂ ਗਾਇਕ ਨੇ ਉਹੀ ਗੈਂਗਸਟਰ ਦੇ ਫੋਨ ਆਉਣ ਵਾਲੀ ਗੱਲ ਦੁਹਰਾਈ। ਇਸੇ ਦੌਰਾਨ 5 ਅਕਤੂਬਰ ਨੂੰ 8 ਵਜੇ ਇੱਕ ਵਟਸਐਪ ਕਾਲ ਆਈ। ਫੋਨ ਕਰਨ ਵਾਲੇ ਨੇ ਖੁਦ ਨੂੰ ਨਾਮੀ ਗੈਂਗਸਟਰ ਦੱਸਦਿਆਂ ਭੇਜੇ ਲਿੰਕ ਚੈੱਕ ਕਰਨ ਲਈ ਆਖਿਆ। ਕਥਿਤ ਗੈਂਗਸਟਰ ਨੇ ਟਰਾਲੀਆਂ ਜਲਦ ਨਾ ਦੇਣ ’ਤੇ ਦੇਖ ਲੈਣ ਦੀ ਧਮਕੀ ਵੀ ਦਿੱਤੀ। ਜਦੋਂ ਉਸਨੇ ਵੀਡੀਓ ਲਿੰਕ ਚੈੱਕ ਕੀਤੇ ਤਾਂ ਉਸ ਵੀਡੀਓ ਵਿੱਚ ਇੱਕ ਵਿਅਕਤੀ ਭੱਦੀ ਸ਼ਬਦਾਵਲੀ ਵਰਤਦਾ ਹੋਇਆ ਗਾਲੀ ਗਲੋਚ ਕਰ ਰਿਹਾ ਸੀ। ਇਸ ਦੌਰਾਨ ਥਾਣੇ ਦਾ ਮੁਨਸ਼ੀ ਵਾਰ ਵਾਰ ਉਨ੍ਹਾਂ ਉੱਤੇ ਗਾਇਕ ਨੂੰ ਟਰਾਲੀਆਂ ਦੇਣ ਲਈ ਫੋਨ ਕਰਕੇ ਦਬਾਅ ਬਣਾਉਂਦਾ ਰਿਹਾ। ਇਸ ਤੋਂ ਬਾਅਦ ਉਨ੍ਹਾਂ ਸਾਰਾ ਮਾਮਲਾ ਐੱਸ ਐੱਸ ਪੀ ਹੁਸ਼ਿਆਰਪੁਰ ਦੇ ਧਿਆਨ ਵਿੱਚ ਲਿਆਂਦਾ ਸੀ।
ਮੇਰੇ ਪੁੱਤਰ ਦਾ ਮਾਮਲੇ ਨਾਲ ਕੋਈ ਸਬੰਧ ਨਹੀਂ: ਮੁਲਤਾਨੀ
‘ਆਪ’ ਦੇ ਹਲਕਾ ਇੰਚਾਰਜ ਗੁਰਧਿਆਨ ਸਿੰਘ ਮੁਲਤਾਨੀ ਨੇ ਮੰਨਿਆ ਕਿ ਗਾਇਕ ਉਸ ਦੇ ਪੁੱਤਰ ਦਾ ਜਾਣਕਾਰ ਹੋਣ ਕਾਰਨ ਉਹ ਟਰਾਲੀਆਂ ਦੇਖਣ ਗਏ ਸਨ, ਪਰ ਉਸ ਤੋਂ ਬਾਅਦ ਵਾਲੀ ਕਿਸੇ ਕਾਰਵਾਈ ਨਾਲ ਉਨ੍ਹਾਂ ਦੇ ਪੁੱਤਰ ਦਾ ਕੋਈ ਸਬੰਧ ਨਹੀਂ ਹੈ। ਪੀੜਤ ਕਾਰੋਬਾਰੀ ਉਨ੍ਹਾਂ ਕੋਲ ਆਇਆ ਸੀ ਅਤੇ ਉਨ੍ਹਾਂ ਖੁਦ ਪੁਲੀਸ ਨੂੰ ਸ਼ਿਕਾਇਤ ਕਰਨ ਲਈ ਆਖਿਆ ਸੀ। ਉਹ ਖੁਦ ਚਾਹੁੰਦੇ ਹਨ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਵੇ।