ਵਕੀਲਾਂ ਨੂੰ ਧਮਕਾਉਣ ਦੇ ਦੋਸ਼ ਹੇਠ 40 ਖ਼ਿਲਾਫ਼ ਕੇਸ
ਟਰੈਕਟਰ ਉੱਤੇ ਅਸ਼ਲੀਲ ਗਾਣੇ ਲਾਉਣ ’ਤੇ ਹੋਈ ਕਾਰਵਾਈ ਤੋਂ ਨਾਰਾਜ਼ ਕੁੱਝ ਵਿਅਕਤੀਆਂ ਨੇ ਵਕੀਲਾਂ ਦੇ ਚੈਂਬਰ ’ਤੇ ਹੁਲੜਬਾਜ਼ੀ ਕਰਦਿਆਂ ਧਮਕੀਆਂ ਦਿੱਤੀਆਂ ਜਿਸ ਦੇ ਚੱਲਦਿਆਂ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਵੱਲੋਂ ਖਡੂਰ ਸਾਹਿਬ ਦੇ ਰਹਿਣ ਵਾਲੇ 40 ਦੇ ਕਰੀਬ ਲੋਕਾਂ ਉੱਪਰ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਵਕੀਲ ਨਰਿੰਦਰ ਸਿੰਘ ਨੇ ਦੱਸਿਆ ਕਿ ਖਡੂਰ ਸਾਹਿਬ ਦੇ ਵਸਨੀਕ ਪ੍ਰਿਤਪਾਲ ਸਿੰਘ, ਲਖਵਿੰਦਰ ਸਿੰਘ ਲੱਖਾ, ਦਲਜੀਤ ਸਿੰਘ ਨੰਬਰਦਾਰ, ਦਲਬੀਰ ਸਿੰਘ ਅਤੇ ਇਨ੍ਹਾਂ ਨਾਲ ਆਏ 30 ਤੋਂ 35 ਦੇ ਕਰੀਬ ਲੋਕਾਂ ਨੇ ਉਸ ਦੇਦਫ਼ਤਰ ਦੇ ਬਾਹਰ ਹੁਲੜਬਾਜ਼ੀ ਕਰਦੇ ਹੋਏ ਉਨ੍ਹਾਂ ਤੇ ਕਲਰਕ ਨਾਲ ਦੁਰਵਿਹਾਰ ਕੀਤਾ ਤੇ ਉਸ ਨੂੰ ਕਥਿਤ ਤੌਰ ’ਤੇ ਜਾਤੀ ਸੂਚਕ ਸ਼ਬਦ ਵਰਤਦੇ ਹੋਏ ਗਾਲਾਂ ਕੱਢੀਆਂ ਤੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆ ਗਈਆਂ। ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਸਾਰੀ ਜਾਣਕਾਰੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਰਬਿੰਦਰ ਸਿੰਘ ਸੰਧੂ ਅਤੇ ਅਮਰਿੰਦਰ ਸਿੰਘ ਨੂੰ ਦਿੱਤੀ ਗਈ। ਵਕੀਲ ਨਰਿੰਦਰ ਸਿੰਘ ਦੱਸਿਆ ਕਿ ਇਹ ਕਾਰਵਾਈ ਇਨ੍ਹਾਂ ਲੋਕਾਂ ਵੱਲੋਂ ਰੰਜ਼ਿਸ਼ ਤਹਿਤ ਕੀਤੀ ਗਈ ਹੈ ਕਿਉਕਿ ਕੁੱਝ ਦਿਨ ਪਹਿਲਾਂ ਹੀ ਖਡੂਰ ਸਾਹਿਬ ਦੀ ਅਦਾਲਤ ਨੇ ਕੁਝ ਲੜਕਿਆਂ ਖਿਲਾਫ਼ ਟਰੈਕਟਰ ਉੱਪਰ ਉੱਚੀ ਆਵਾਜ਼ ’ਤੇ ਅਸ਼ਲੀਲ ਗਾਣੇ ਚਲਾਉਣ ’ਤੇ ਕਾਰਵਾਈ ਕੀਤੀ ਗਈ ਸੀ। ਇਸ ਵਜ੍ਹਾ ਕਰਕੇ ਹੀ ਇਨ੍ਹਾਂ ਲੋਕਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ।