ਪੈਟਰੋਲ ਛਿੜਕ ਕੇ ਕਾਰ ਨੂੰ ਅੱਗ ਲਾਈ
ਜਲੰਧਰ, 3 ਮਾਰਚ
ਇੱਥੋਂ ਦੇ ਕਿਸ਼ਨਪੁਰਾ ਨੇੜੇ ਘਰ ਬਾਹਰ ਖੜ੍ਹੀ ਕਾਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਦਸ ਤੋਂ ਵੱਧ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਸਨ। ਉਨ੍ਹਾਂ ਨੇ ਆਉਂਦਿਆਂ ਹੀ ਕਾਰ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਫਿਰ ਜਾਂਦੇ ਸਮੇਂ ਉਨ੍ਹਾਂ ਕਾਰ ’ਤੇ ਪੈਟਰੋਲ ਛਿੜਕ ਦਿੱਤਾ ਅਤੇ ਅੱਗ ਲਗਾ ਦਿੱਤੀ। ਪਰਿਵਾਰਕ ਮੈਂਬਰਾਂ ਨੇ ਕਿਸੇ ਤਰ੍ਹਾਂ ਕਾਰ ਵਿੱਚ ਲੱਗੀ ਅੱਗ ਨੂੰ ਬੁਝਾਇਆ ਅਤੇ ਮਾਮਲੇ ਦੀ ਸੂਚਨਾ ਜਲੰਧਰ ਸਿਟੀ ਪੁਲੀਸ ਨੂੰ ਦਿੱਤੀ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਰਿਦੁਆਰ ਦੇ ਰਹਿਣ ਵਾਲੇ ਪੰਕਜ ਨੇ ਦੱਸਿਆ ਕਿ ਉਹ ਆਪਣੀ ਪਤਨੀ ਦਾ ਪਤਾ ਲੈਣ ਹਰਿਦੁਆਰ ਤੋਂ ਜਲੰਧਰ ਆਇਆ ਸੀ। ਹਮਲਾ ਕਰਨ ਵਾਲੇ ਵੀ ਉਨ੍ਹਾਂ ਦੇ ਰਿਸ਼ਤੇਦਾਰ ਸਨ ਜਿਨ੍ਹਾਂ ਨੇ ਦੇਰ ਰਾਤ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਉਨ੍ਹਾਂ ’ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪੀੜਤ ਸੰਗੀਤਾ ਨੇ ਦੱਸਿਆ ਕਿ ਰੰਜਿਸ਼ ਕਾਰਨ ਪੰਕਜ ਦੀ ਕਾਰ ਨੂੰ ਅੱਗ ਲਗਾਈ ਗਈ ਕਿਉਂਕਿ ਉਸ ਦਾ ਉਨ੍ਹਾਂ ਨਾਲ ਪਰਿਵਾਰਕ ਝਗੜਾ ਚੱਲ ਰਿਹਾ ਹੈ। ਪਰਿਵਾਰ ਨੇ ਇਸ ਮਾਮਲੇ ਵਿੱਚ ਪੁਲੀਸ ਤੋਂ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।