ਪਹਿਲਗਾਮ ਅਤਿਵਾਦੀ ਹਮਲੇ ਖ਼ਿਲਾਫ਼ ਮੋਮਬੱਤੀ ਮਾਰਚ
ਹੁਸ਼ਿਆਰਪੁਰ, 24 ਅਪਰੈਲ
ਭਾਰਤ ਵਿਕਾਸ ਪ੍ਰੀਸ਼ਦ ਅਤੇ ਐਕਸ ਸਰਵਿਸਮੈਨ ਐਸੋਸੀਏਸ਼ਨ ਵਲੋਂ ਪਹਿਲਗਾਮ ਵਿਖੇ ਸੈਲਾਨੀਆਂ ’ਤੇ ਹੋਏ ਅਤਿਵਾਦੀ ਹਮਲੇ ਖ਼ਿਲਾਫ਼ ਅਤੇ ਹਮਲੇ ’ਚ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਸ਼ਹਿਰ ਵਿਚ ਮੋਮਬੱਤੀ ਮਾਰਚ ਕੀਤਾ ਗਿਆ। ਸਮਾਜ ਸੇਵੀ ਸੰਜੀਵ ਅਰੋੜਾ ਅਤੇ ਕਰਨਲ ਰਘੂਵੀਰ ਸਿੰਘ ਦੀ ਅਗਵਾਈ ਹੇਠ ਇਹ ਮਾਰਚ ਵਾਰ ਮੈਮੋਰੀਅਲ ਤੋਂ ਘੰਟਾ ਘਰ ਤੱਕ ਕੱਢਿਆ ਗਿਆ।
ਜਨਰਲ ਜੇਐੱਸ ਢਿੱਲੋਂ ਨੇ ਇਸ ਹਮਲੇ ਦੀ ਸਖਤ ਨਿਖੇਧੀ ਕੀਤੀ। ਸੰਜੀਵ ਅਰੋੜਾ ਨੇ ਕਿਹਾ ਕਿ ਧਰਮ ਪੁੱਛ ਕੇ ਕਿਸੇ ਵੀ ਬੇਕਸੂਰ ਵਿਅਕਤੀ ਦਾ ਕਤਲ ਕਰਨਾ ਮੰਦਬੁੱਧੀ ਦੀ ਨਿਸ਼ਾਨੀ ਹੈ। ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਕਰਨਲ ਰਘੁਵੀਰ ਸਿੰਘ ਨੇ ਕਿਹਾ ਕਿ ਅਜੇ ਵੀ ਸਮਾਂ ਰਹਿੰਦੇ ਸਾਰਿਆਂ ਨੂੰ ਇਕਜੁੱਟਤਾ ਦਿਖਾਉਣੀ ਚਾਹੀਦੀ ਹੈ ਅਤੇ ਧਰਮ ਦੇ ਨਾਮ ’ਤੇ ਆਪਸੀ ਝਗੜੇ ਬੰਦ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਪੂਰਾ ਦੇਸ਼ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਖੜ੍ਹਾ ਹੈ। ਇਸ ਮੌਕੇ ਕਰਨਲ ਕਰਮ ਸਿੰਘ, ਕਰਨਲ ਮਲੂਕ ਸਿੰਘ, ਕਰਨਲ ਪ੍ਰਭਾਤ ਮਿਨਹਾਸ, ਕਰਨਲ ਡੀ.ਐਸ ਪਟਿਆਲ, ਕਰਨਲ ਰਘੂਵੀਰ ਸਿੰਘ, ਕੈਪਟਨ ਜਤਿੰਦਰ ਸਿੰਘ, ਐਡਵੋਕੇਟ ਦਾਦਰਾ, ਮਦਨ ਲਾਲ ਮਹਾਜਨ, ਐੱਚਕੇ ਨਾਕੜਾ, ਅਮਰਜੀਤ ਸ਼ਰਮਾ, ਅਸ਼ਵਨੀ ਦੱਤਾ, ਟਿੰਕੂ ਨਰੂਲਾ, ਸ਼ਾਖਾ ਬੱਗਾ, ਵੀਨਾ ਚੋਪੜਾ, ਡਾ. ਮਨਮੋਹਨ ਸਿੰਘ, ਵਰੁਣ ਸ਼ਰਮਾ ਆਸ਼ੂ, ਗੌਰਵ ਖੱਟਰ ਅਤੇ ਕ੍ਰਿਸ਼ਨ ਕਿਸ਼ੋਰ ਹਾਜ਼ਰ ਸਨ।