ਸਾਫ਼ ਵਾਤਾਵਰਨ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੱਦਾ
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਬੈਨਰ ਹੇਠ ਵੱਧ ਤੋਂ ਵੱਧ ਪੌਦੇ ਲਾਉਣ ਅਤੇ ਸੰਭਾਲਨ ਦਾ ਸੱਦਾ ਦਿੱਤਾ ਗਿਆ। ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦੀ ਅਗਵਾਈ ਵਿੱਚ ਵਾਤਾਵਰਨ ਸੁਰੱਖਿਆ ਨੂੰ ਸਮਰਪਿਤ ਇਸ ਕਾਰਜ ਲਈ ਸਮੂਹਿਕ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਨ-ਜੀਵਨ ਨੂੰ ਸੰਤੁਲਿਤ ਕਰਨ ਲਈ ਹਰਿਆ ਭਰਿਆ ਚੌਗਿਰਦਾ ਵੱਡੀ ਭੂਮਿਕਾ ਨਿਭਾਉਂਦਾ ਹੈ। ਇਸ ਮੌਕੇ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਬਲਾਕੀਪੁਰ ਵੱਲੋਂ ਨਿੰਮ ਦੇ ਪੌਦੇ ਪ੍ਰਦਾਨ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਟਰੱਸਟ ਦੇ ਕਾਨਫਰੰਸ ਹਾਲ ’ਚ ਜੁੜੇ ਢਾਹਾਂ ਕਲੇਰਾਂ ਦਰਪਣ ਦੇ ਨੁਮਾਇੰਦਿਆਂ ਨੇ ਹਾਮੀਂ ਭਰਦਿਆਂ ਰੁੱਖ ਲਗਾਓ ਮੁਹਿੰਮ ਅੰਦਰ ਵਾਲੰਟੀਅਰ ਬਣ ਕੇ ਨਿਭਣ ਦਾ ਅਹਿਦ ਲਿਆ। ਇਨ੍ਹਾਂ ਵਿੱਚ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਕਾਰਜਕਾਰੀ ਪ੍ਰਿੰਸੀਪਲ ਰਮਨਦੀਪ ਕੌਰ, ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਵਾਇਸ ਪ੍ਰਿੰਸੀਪਲ ਰਾਜਦੀਪ ਥਿਰਵਾਲ, ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਾਇਸ ਪ੍ਰਿੰਸੀਪਲ ਰਮਨ ਕੁਮਾਰ ਸ਼ਾਮਲ ਸਨ। ਉਕਤ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਦਫ਼ਤਰ ਨਿਗਰਾਨ ਮਹਿੰਦਰਪਾਲ ਸਿੰਘ, ਡਾ. ਗੁਰਤੇਜ ਸਿੰਘ, ਫਰੰਟ ਡੈੱਸਕ ਮੈਨੇਜਰ ਜੋਤੀ ਭਾਟੀਆ, ਮੀਡੀਆ ਅਡਵਾਈਜ਼ਰ ਰੁਪਿੰਦਰ ਸਿੰਘ ਸੰਧੂ, ਅੰਜਲੀ ਸ਼ਰਮਾ, ਸੁਸ਼ੀਲ ਕੁਮਾਰ ਦਾ ਸਾਂਝੇ ਰੂਪ ਵਿੱਚ ਕਹਿਣਾ ਸੀ ਕਿ ਸਾਨੂੰ ਪੌਦਿਆਂ ਨਾਲ ਰਿਸ਼ਤੇ ਜੋੜਦਿਆਂ ਇੱਕ ਰੁੱਖ ਸੌ ਸੁੱਖ ਦੇ ਮਿਸ਼ਨ ’ਤੇ ਪਹਿਰਾ ਦੇਣਾ ਚਾਹੀਦਾ ਹੈ।