ਧਾਰਮਿਕ ਸਥਾਨ ਦੀ ਚਾਰਦੀਵਾਰੀ ਢਾਹੁਣ ਖ਼ਿਲਾਫ਼ ਬਸਪਾ ਵੱਲੋਂ ਰੋਸ ਮਾਰਚ
ਹਲਕਾ ਫਿਲੌਰ ਦੇ ਪਿੰਡ ਧਲੇਤਾ ਵਿਖੇ ਗੁਰੂ ਰਵਿਦਾਸ ਦੇ ਧਾਰਮਿਕ ਅਸਥਾਨ ਦੀ ਚਾਰਦੀਵਾਰੀ ਢਾਹੁਣ ਦੇ ਵਿਰੋਧ ’ਚ ਅੱਜ ਇੱਥੇ ਬਸਪਾ ਵਲੋਂ ਸ਼ਹਿਰ ’ਚ ਰੋਸ ਮਾਰਚ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਭੇਜਿਆ ਗਿਆ। ਬਸਪਾ ਵਰਕਰ ਗੁਰੂ ਰਵਿਦਾਸ ਮੰਦਰ ਕਮਾਲਪੁਰ ਵਿਖੇ ਇਕੱਠੇ ਹੋਏ ਅਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ, ਸੂਬਾ ਕੋਆਰਡੀਨੇਟਰ ਗੁਰਨਾਮ ਚੌਧਰੀ, ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ ਸਿੱਧੂ ਦੀ ਅਗਵਾਈ ਹੇਠ ਰੋਸ ਮਾਰਚ ਕਰਦੇ ਹੋਏ ਮਿੰਨੀ ਸਕੱਤਰੇਤ ਪਹੁੰਚੇ ਜਿਥੇ ਉਨ੍ਹਾਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਸ੍ਰੀ ਕਰੀਮਪੁਰੀ ਨੇ ਕਿਹਾ ਕਿ ਮਾਨ ਸਰਕਾਰ ਨੇ ਬੀਤੇ ਸਮਿਆਂ ਦੌਰਾਨ ਪੰਜਾਬ ਅੰਦਰ ਹੋਈਆਂ ਬੇਅਦਬੀਆਂ ਅਤੇ ਸੰਗਤ ਦੀਆਂ ਸਮਾਜਿਕ, ਧਾਰਮਿਕ ਭਾਵਨਾਵਾਂ ਨੂੰ ਪਹੁੰਚੀ ਠੇਸ ਦੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਸਿੱਖਿਆ। ਉਨ੍ਹਾਂ ਕਿਹਾ ਕਿ ਸਤਿਗੁਰੂ ਰਵਿਦਾਸ ਦੇ ਅਸਥਾਨਾਂ ਨੂੰ ਤੋੜਨ ਦੀਆਂ ਘਟਨਾਵਾਂ ਕਾਰਨ ਨਾਮਲੇਵਾ ਸੰਗਤਾਂ ਨੂੰ ਜਾਤੀ ਤੇ ਸਮਾਜਿਕ ਤੌਰ ’ਤੇ ਜ਼ਲੀਲ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਗੁਰੂ ਰਵਿਦਾਸ ਮੰਦਿਰ ਧੁਲੇਤਾ ਦੀ ਚਾਰਦੀਵਾਰੀ ਢਾਹ ਕੇ ਗੁਰੂਘਰ ਦਾ ਅਪਮਾਨ ਕਰਨਾ ਅਤੇ ਸੰਗਤਾਂ ਨੂੰ ਥਾਣਿਆਂ ਵਿਚ ਜ਼ਲੀਲ ਕਰਨਾ ਤੇ ਦਲਿਤਾਂ ਨੂੰ ਅਪਮਾਨਿਤ ਕਰਨ ਦੀਆਂ ਸੋਚੀਆਂ ਸਮਝੀਆਂ ਅਤੇ ਜਾਣਬੁੱਝ ਕੇ ਕੀਤੀਆਂ ਕਾਰਵਾਈਆਂ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਹੁਜਨ ਸਮਾਜ ਪਾਰਟੀ ਵਲੋਂ ਆਰੰਭੀ ਪੰਜਾਬ ਸੰਭਾਲੋ ਮੁਹਿੰਮ ਦਾ ਹਿੱਸਾ ਬਣਨ ਅਤੇ 2027 ਦੀਆਂ ਚੋਣਾਂ ਵਿੱਚ ਪੰਜਾਬ ਨੂੰ ਤਰੱਕੀ, ਖੁਸ਼ਹਾਲੀ ਵੱਲ ਲਿਜਾਉਣ ਲਈ ਅਤੇ ਨਸ਼ਾ ਮੁਕਤ, ਭੈਅ ਮੁਕਤ, ਕਰਜ਼ਾ ਮੁਕਤ ਕਰਨ, ਸਿੱਖਿਆ ਨੀਤੀ ਲਾਗੂ ਕਰਨ ਲਈ ਬਸਪਾ ਦਾ ਸਾਥ ਦੇਣ।