ਬਸਪਾ ਨੇ ਡੀਸੀ ਤੇ ਐੱਸਐੱਸਪੀ ਖ਼ਿਲਾਫ਼ ਕਾਰਵਾਈ ਮੰਗੀ
ਧੁਲੇਤਾ ਦੇ ਗੁਰੂ ਰਵਿਦਾਸ ਗੁਰੂਘਰ ਦਾ ਮੋਰਚਾ ਫਤਿਹ ਕਰਨ ਦਾ ਦਾਅਵਾ
Advertisement
ਪਿੰਡ ਧੁਲੇਤਾ ਦੇ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਦਾ ਮੋਰਚਾ ਬਸਪਾ ਨੇ ਸੰਗਤ ਦੇ ਸਹਿਯੋਗ ਨਾਲ ਫਤਿਹ ਕਰ ਲਿਆ ਹੈ। ਇਹ ਦਾਅਵਾ ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਗੁਰੂ ਘਰ ਦੀਆਂ ਕੰਧਾਂ ਤੋੜ ਕੇ ਬੇਅਦਬੀ ਕੀਤੀ ਗਈ ਸੀ ਜਿਸ ਦੇ ਵਿਰੋਧ ਵਿੱਚ ਬਸਪਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਪਿਛਲੇ ਕਰੀਬ ਇੱਕ ਮਹੀਨੇ ਤੋਂ ਲਗਾਤਾਰ ਅੰਦੋਲਨ ਕੀਤਾ ਗਿਆ ਜਿਸ ਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ। ਇਸ ਤੋਂ ਪਹਿਲਾਂ ਐੱਸਸੀ ਐੱਸਟੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਸਹਿਮਤੀ ਨਾਲ ਮਸਲੇ ਦਾ ਹੱਲ ਕਰਨ ਦਾ ਦਾਅਵਾ ਕੀਤਾ ਸੀ।
ਡਾ. ਕਰੀਮਪੁਰੀ ਨੇ ਕਿਹਾ ਕਿ ਬਸਪਾ ਵੱਲੋਂ ਸੂਬੇ ਭਰ ਵਿੱਚ ਅੰਦੋਲਨ ਕਰਨ ਤੋਂ ਬਾਅਦ ਧੁਲੇਤਾ ਗੁਰੂ ਘਰ ਨੂੰ ਪਹਿਲਾਂ ਵਾਲੀ ਸਥਿਤੀ ਮੁਤਾਬਕ ਬਣਾਉਣ ਲਈ ਸਰਕਾਰ ਮਜਬੂਰ ਹੋਈ ਹੈ। ਇਹ ਬਸਪਾ ਦੇ ਅੰਦੋਲਨ ਤੇ ਸੰਗਤ ਦੇ ਸੰਘਰਸ਼ ਦੀ ਜਿੱਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਘਰ ਦੀ ਬੇਅਦਬੀ ਲਈ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਗਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਗੁਰੂ ਘਰ ਨੂੰ ਤੋੜਨ ਵਿੱਚ ਭੂਮਿਕਾ ਨਿਭਾਉਣ ਵਾਲੇ ਡੀਸੀ ਤੇ ਐੱਸਐੱਸਪੀ ਜਲੰਧਰ ਖ਼ਿਲਾਫ਼ ਕਾਰਵਾਈ ਕਰਕੇ ਉਨ੍ਹਾਂ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ।
Advertisement
ਉਨ੍ਹਾਂ ਕਿਹਾ ਕਿ ਬਸਪਾ ਸੰਸਥਾਪਕ ਕਾਂਸ਼ੀ ਰਾਮ ਦੇ ਪਰਿਨਿਰਵਾਣ ਦਿਵਸ ’ਤੇ ਬਸਪਾ 9 ਅਕਤੂਬਰ ਨੂੰ ਫਿਲੌਰ ਵਿੱਚ ਸੂਬਾ ਪੱਧਰੀ ਰੈਲੀ ਕਰੇਗੀ। ਰੈਲੀ ਵਿੱਚ ਧੁਲੇਤਾ ਗੁਰੂ ਘਰ ਮੋਰਚੇ ਦੀ ਜਿੱਤ ਦੀ ਖੁਸ਼ੀ ਮਨਾਈ ਜਾਵੇਗੀ। ਇਸ ਦੇ ਨਾਲ ਹੀ ਬਸਪਾ ਅਗਲੇ ਪ੍ਰੋਗਰਾਮ ਉਲੀਕੇਗੀ। ਇਸ ਮੌਕੇ ਤੀਰਥ ਰਾਜਪੁਰਾ, ਲਾਲ ਚੰਦ ਔਜਲਾ, ਖੁਸ਼ੀ ਰਾਮ ਸਰਪੰਚ ਤੇ ਸੁਖਵਿੰਦਰ ਬਿੱਟੂ ਸਮੇਤ ਹੋਰ ਆਗੂ ਹਾਜ਼ਰ ਸਨ।
Advertisement