ਸਰਹੱਦੀ ਲੋਕ ਦੇਸ਼ ਦੀ ਦੂਜੀ ਕਤਾਰ ਦੀ ਸੁਰੱਖਿਆ ਪੰਕਤੀ: ਧਾਲੀਵਾਲ
ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਅੱਜ ਕਿਹਾ ਕਿ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਵੱਸੇ ਪਿੰਡਾਂ ਦੇ ਲੋਕ ਦੇਸ਼ ਦੀ ਦੂਸਰੀ ਕਤਾਰ ਦੀ ਸੁਰੱਖਿਆ ਪੰਕਤੀ ਹਨ। ਕੌਮਾਂਤਰੀ ਸਰਹੱਦੀ ਪਿੰਡਾਂ ਥੋਬਾ, ਕੋਟਲੀ ਜਮੀਤ ਸਿੰਘ, ਦਿਆਲਪੁਰਾ ਤੇ ਨਾਸਰ ਵਿੱਚ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾਵਾਂ ਦੌਰਾਨ ਹੋਈਆਂ ਪ੍ਰਭਾਵਸ਼ਾਲੀ ਜਨਤਕ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਪਿਛੋਂ ਚੌਕਸ ਸਰਹੱਦੀ ਲੋਕਾਂ ਅਤੇ ਪੰਜਾਬ ਪੁਲੀਸ ਦੀ ਸਖ਼ਤੀ ਸਦਕਾ ਸਰਹੱਦ ਪਾਰ ਪਾਕਿਸਤਾਨ ਤੋਂ ਆਉਣ ਵਾਲੇ ਮਾਰੂ ਨਸ਼ੇ ਹੈਰੋਇਨ ਦੀ ਸਪਲਾਈ ਵਿੱਚ ਭਾਰੀ ਗਿਰਾਵਟ ਆਈ ਹੈ ਅਤੇ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਅਤੇ ਭਾਰਤ ਵਿਰੋਧੀ ਘੁਸਪੈਠ ’ਚ ਵੀ ਖੜੌਤ ਆਈ ਹੈ। ਸਾਬਕਾ ਮੰਤਰੀ ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਏ ਦ੍ਰਿੜ ਸੰਕਲਪ ਦੇ ਮੱਦੇਨਜ਼ਰ ਸੂਬੇ ਵਿੱਚ ਨਸ਼ਿਆਂ ਦੀ ਸਪਲਾਈ ਲਾਈਨ ਟੁੱਟ ਚੁੱਕੀ ਹੈ ਅਤੇ ਜਲਦੀ ਪੰਜਾਬ ਨਸ਼ਾ ਮੁਕਤ ਹੋਣ ’ਤੇ ਪੰਜਾਬ ਵਾਸੀ ’ਫ਼ੀਲ ਗੁੱਡ’ ਮਹਿਸੂਸ ਕਰਨਗੇ। ਧਾਲੀਵਾਲ ਨੇ ਕਿਹਾ ਕਿ ਪੰਜਾਬ ’ਚ ਰਹਿਣ ਲਈ ਨਸ਼ਾ ਤਸਕਰਾਂ ਨੂੰ ਨਸ਼ੇ ਵੇਚਣ ਦਾ ਕਾਲਾ ਧੰਦਾ ਮੂਲੋਂ ਛੱਡ ਕੇ ਅਤੇ ਨਸ਼ਾ ਸੇਵਨ ਕਰਨ ਵਾਲਿਆਂ ਨੂੰ ਸਰਕਾਰੀ ਨਸ਼ਾਂ ਕੇਂਦਰਾਂ ਚੋਂ ਮੁਫ਼ਤ ਇਲਾਜ ਕਰਵਾ ਕੇ ਰੰਗਲੇ ਪੰਜਾਬ ਦੀ ਮੁੱਖ ਧਾਰਾ ਚ ਪਰਤਣਾ ਹੀ ਪੈਣਾ ਹੈ।
ਨਸ਼ਾ ਮੁਕਤੀ ਯਾਤਰਾਵਾਂ ਦੇ ਆਗਾਜ਼ ਤੇ ਵਿਧਾਇਕ ਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਯਾਤਰਾਵਾਂ ’ਚ ਸ਼ਾਮਲ ਸਿਵਲ ਤੇ ਪੁਲੀਸ ਪ੍ਰਸ਼ਾਸਨਿਕ ਅਧਿਕਾਰੀਆਂ ਸਣੇ ਸਮੂਹ ਹਾਜ਼ਰੀਨ ਨੂੰ ਨਸ਼ਾ ਮੁਕਤੀ ਦੇ ਸਮੂਹਿਕ ਹਲਫ਼ ਦਿਵਾਏ।