ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅੰਮ੍ਰਿਤਸਰ, ਜਲੰਧਰ ਤੇ ਹੁਸ਼ਿਆਰਪੁਰ ’ਚ ਬਲੈਕਆਊਟ

ਲੋਕਾਂ ਨੂੰ ਚੌਕਸ ਰਹਿਣ ਦੀ ਹਦਾਇਤ; ਅਫ਼ਵਾਹਾਂ ’ਤੇ ਯਕੀਨ ਨਾ ਕਰਨ ਦੀ ਅਪੀਲ
ਜਲੰਧਰ ਦੇ ਇੱਕ ਚੌਕ ’ਚ ਬਲੈਕਆਊਟ ਦੌਰਾਨ ਪਸਰੀ ਸੁੰਨ। -ਫੋਟੋ: ਮਲਕੀਅਤ ਸਿੰਘ
Advertisement

ਜਗਤਾਰ ਲਾਂਬਾ/ਹਤਿੰਦਰ ਮਹਿਤਾ/ਹਰਪ੍ਰੀਤ ਕੌਰ

ਅੰਮ੍ਰਿਤਸਰ/ਜਲੰਧਰ/ਹੁਸ਼ਿਆਰਪੁਰ, 7 ਮਈ

Advertisement

ਜੰਗ ਦੀ ਅਸ਼ੰਕਾ ਦੇ ਮੱਦੇਨਜ਼ਰ ਅੱਜ ਅੰਮ੍ਰਿਤਸਰ, ਜਲੰਧਰ ਅਤੇ ਹੁਸ਼ਿਆਰਪੁਰ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਸਾਇਰਨ ਵਜਾਏ ਗਏ ਹਨ ਅਤੇ ਮੌਕ ਡਰਿਲ ਕਰਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ। ਰਾਤ ਨੂੰ 10:30 ਵਜੇ ਤੋਂ 11 ਵਜੇ ਤੱਕ ਸ਼ਹਿਰ ਵਿੱਚ ਬਲੈਕ ਆਊਟ ਹੋਇਆ। ਅੰਮ੍ਰਿਤਸਰ ਵਿੱਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਹ ਇੱਕ ਅਭਿਆਸ ਸੀ, ਜਿਸ ਤਹਿਤ ਲੋਕਾਂ ਨੂੰ ਜਾਗਰੂਕ ਅਤੇ ਸੁਚੇਤ ਕੀਤਾ ਗਿਆ ਹੈ ਕਿ ਹੰਗਾਮੀ ਸਥਿਤੀ ਵਿੱਚ ਕਿਸ ਤਰ੍ਹਾਂ ਸਥਿਤੀ ਨਾਲ ਨਜਿਠਣਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਹੰਗਾਮੀ ਸਥਿਤ ਦੇ ਵਿੱਚ ਐਂਬੂਲੈਂਸ ਨੂੰ ਰਸਤਾ ਦਿੱਤਾ ਜਾਵੇ, ਸਾਇਰਨ ਵੱਜਣ ਤੋਂ ਬਾਅਦ ਲੁਕੀਆਂ ਥਾਵਾਂ ’ਤੇ ਜਾ ਕੇ ਆਪਣਾ ਬਚਾਅ ਕੀਤਾ ਜਾਵੇ, ਰਾਤ ਨੂੰ ਬਲੈਕ ਆਊਟ ਵੇਡੇ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣ ਅਤੇ ਰੋਸ਼ਨੀ ਨੂੰ ਇਮਾਰਤ ਤੋਂ ਬਾਹਰ ਨਾ ਜਾਣ ਦਿੱਤਾ ਜਾਵੇ। ਜੇਕਰ ਵਿਅਕਤੀ ਸੜਕ ਤੇ ਹੈ ਅਤੇ ਆਪਣੇ ਵਾਹਨ ਦੀ ਲਾਈਟ ਨੂੰ ਬੰਦ ਕਰ ਲਵੇ, ਇਸੇ ਤਰ੍ਹਾਂ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਲਾਈਟਾਂ ਨੂੰ ਵੀ ਬੰਦ ਰੱਖਿਆ ਜਾਵੇ। ਇਸ ਤਰ੍ਹਾਂ ਸ਼ਹਿਰ ਵਿੱਚ ਮੁੱਖ ਡਾਕ ਘਰ, ਸਰਕਾਰੀ ਟੈਕਸਟਾਈਲ ਕਾਲਜ ਸਰਕਾਰੀ ਮੈਡੀਕਲ ਕਾਲਜ, ਖੇਤੀ ਭਵਨ, ਰੇਲਵੇ ਵਰਕਸ਼ਾਪ, ਹਾਲ ਗੇਟ ਸਹਿਕਾਰੀ ਬੈਂਕ, ਟਾਊਨ ਹਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੀ ਡਿਵੀਜ਼ਨ ਤੇ ਹੋਰ ਥਾਵਾਂ ’ਤੇ ਸਾਇਰਨ ਵਜਾਏ ਪਰ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਸਾਇਰਨ ਦੀ ਆਵਾਜ਼ ਸੁਣਾਈ ਨਹੀਂ ਦਿੱਤੀ।

ਜਲੰਧਰ ਵਿੱਚ ਬਲੈਕ ਆਊਟ ਮੌਕ ਡਰਿੱਲ ਦੌਰਾਨ ਸ਼ਹਿਰ ਅਤੇ ਦਿਹਾਤੀ ਇਲਾਕੇ ਵਿਚ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ ਤੇ ਜ਼ਿਲ੍ਹੇ ਵਿਚ ਪੂਰੀ ਤਰ੍ਹਾਂ ਮੌਕ ਡਰਿੱਲ ਸਫਲ ਰਿਹਾ। ਜਲੰਧਰ ਵਿਚ ਦੁਕਾਨਦਾਰ ਸਾਢੇ ਛੇ ਵਜੇ ਹੀ ਦੁਕਾਨਾਂ ਬੰਦ ਕਰਨ ਲੱਗ ਪਏ ਤੇ ਸੱਤ ਵਜੇ ਤੱਕ 90 ਫੀਸਦੀ ਦੁਕਾਨਾਂ ਬੰਦ ਹੋ ਗਈਆਂ ਸਨ ਤੇ ਦੁਕਾਨਦਾਰ ਘਰਾਂ ਨੂੰ ਜਾ ਰਹੇ ਸਨ। ਆਦਮਪੁਰ, ਕਠਾਰ, ਅਲਾਵਲਪੁਰ, ਜੰਡੂਸ਼ਿੰਘਾ, ਨਕੋਦਰ, ਮਹਿਤਪੁਰ, ਨੂਰਮਹਿਲ, ਜਮਸ਼ੇਰ ਸਣੇ ਪਿੰਡਾਂ ਵਿਚ ਵੀ ਬਲੈਕਆਊਟ ਰਿਹਾ। ਹਾਲਾਂਕਿ ਕੁੱਝ ਪਰਵਾਸੀ ਮਜ਼ਦੂਰਾਂ ਨੇ ਪ੍ਰਸ਼ਾਸਨ ਅਪੀਲ ਨੂੰ ਅਣਦੇਖਿਆ ਕਰਕੇ ਅੱਠ ਵਜੇ ਤੋਂ ਬਾਅਦ ਵੀ ਦੁਕਾਨਾਂ ਖੋਲ੍ਹੀ ਰੱਖੀਆਂ। ਪ੍ਰਸ਼ਾਸਨ ਦੀ ਸਖਤੀ ਤੋਂ ਬਾਅਦ ਹੀ ਉਨ੍ਹਾਂ ਆਪਣੇ ਘਰਾਂ ਅਤੇ ਦੁਕਾਨਾਂ ਦੀ ਲਾਈਟਾਂ ਬੰਦ ਕਰ ਦਿੱਤੀਆਂ।

ਇਸ ਦੌਰਾਨ ਆਦਮਪੁਰ ਵਿਚ ਏਅਰਫੋਰਸ ਦੇ ਅਧਿਕਾਰੀ ਵੀ ਗਸ਼ਤ ਕਰਦੇ ਦੇਖੇ ਗਏ ਤੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਦੌਰਾਨ ਕਈ ਥਾਵਾਂ ’ਤੇ ਲੋਕ ਵਾਹਨ ਚਲਾਉਂਦੇ ਰਹੇ ਪਰ ਪੁਲੀਸ ਨੇ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਤੇ ਮੌਕ ਡਰਿਲ ਦੇ ਸਮੇਂ ਦੌਰਾਨ ਵਾਹਨ ਨਾ ਚਲਾਉਣ ਲਈ ਕਿਹਾ। ਕਈ ਦੁਕਾਨਾਂ ਅਤੇ ਪੈਲੇਸਾਂ ਵਿੱਚ ਸਜਾਵਟੀ ਲਾਈਟਾਂ ਜਗਦੀਆਂ ਦੇਖੀਆਂ ਗਈਆਂ ਤੇ ਲੋਕਾਂ ਵੱਲੋਂ ਲਗਾਏ ਸੀਸੀਟੀਵੀ ਕੈਮਰਿਆਂ ਦੀਆਂ ਲਾਈਟਾਂ ਵੀ ਜਗਦੀਆਂ ਰਹੀਆਂ।

ਅੰਮ੍ਰਿਤਸਰ ਵਿੱਚ ਆਟਾ ਚੱਕੀ ਅੱਗੇ ਵਾਰੀ ਦੀ ਉਡੀਕ ਕਰਦੇ ਹੋਏ ਲੋਕ। -ਫੋਟੋ: ਵਿਸ਼ਾਲ

ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਰਾਤ 8 ਵਜੇ ਤੋਂ 8:10 ਵਜੇ ਤੱਕ ਕਰੈਸ਼ ਬਲੈਕਆਊਟ ਅਭਿਆਸ ਕੀਤਾ, ਜਿਸ ਦੌਰਾਨ ਸਾਰੀਆਂ ਲਾਈਟਾਂ ਬੰਦ ਰੱਖੀਆਂ ਗਈਆਂ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਬਲੈਕਆਊਟ ਡਰਿੱਲ ਪਹਿਲਾਂ ਆਈਟੀਆਈ ਵਿਖੇ ਕੀਤੀ ਗਈ ਇਕ ਮੌਕ ਡਰਿੱਲ ਤੋਂ ਬਾਅਦ ਦੂਸਰੇ ਪੜਾਅ ਤਹਿਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਭਿਆਸ ਦਾ ਉਦੇਸ਼ ਸੰਭਾਵੀ ਹਵਾਈ ਹਮਲਿਆਂ ਜਾਂ ਯੁੱਧ ਵਰਗੀਆਂ ਸਥਿਤੀਆਂ ਦੌਰਾਨ ਐਮਰਜੈਂਸੀ ਪ੍ਰਤੀਕਿਰਿਆ ਲਈ ਵਸਨੀਕਾਂ ਨੂੰ ਤਿਆਰ ਕਰਨਾ ਸੀ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ, ਸਾਰੀਆਂ ਲਾਈਟਾਂ, ਇਨਵਰਟਰ ਅਤੇ ਜਨਰੇਟਰ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣੇ ਚਾਹੀਦੇ ਹਨ। ਉਨ੍ਹਾਂ ਸੋਸ਼ਲ ਮੀਡੀਆ ’ਤੇ ਗਲਤ ਜਾਣਕਾਰੀ ਅਤੇ ਭੜਕਾਊ ਸੰਦੇਸ਼ ਫੈਲਾਉਣ ਵਿਰੁੱਧ ਚਿਤਾਵਨੀ ਵੀ ਦਿੱਤੀ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦੇ ਪੁਰਾਤਨ ਘੰਟਾ ਘਰ ਦਾ ਸਾਇਰਨ ਵੀ ਠੀਕ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਸਾਇਰਨ ਰਾਹੀਂ ਅੱਜ ਸ਼ਹਿਰ ਵਾਸੀਆਂ ਨੂੰ ਸੁਚੇਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 501 ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਅੱਜ ਮੌਕ ਡਰਿੱਲ ਕੀਤੀ ਗਈ।

ਭਲਕੇ ਲਗਾਈ ਜਾਣ ਵਾਲੀ ਲੋਕ ਅਦਾਲਤ ਮੁਲਤਵੀ

ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਮਹਿਲਾਵਾਂ ਦੀਆਂ ਸ਼ਿਕਾਇਤਾਂ ਸਬੰਧੀ 9 ਮਈ ਨੂੰ ਕਾਨਫਰੰਸ ਹਾਲ ਪੁਲੀਸ ਲਾਈਨ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਲਗਾਈ ਜਾਣ ਵਾਲੀ ਲੋਕ ਅਦਾਲਤ ਹਾਲ ਦੀ ਘੜੀ ਮੁਲਤਵੀ ਕਰ ਦਿੱਤੀ ਗਈ ਹੈ। ਕਮਿਸ਼ਨ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਤਨਾਅ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਅਤੇ ਇਸ ਦਾ ਅਗਲਾ ਪ੍ਰੋਗਰਾਮ ਛੇਤੀ ਹੀ ਐਲਾਨਿਆ ਜਾਵੇਗਾ।

ਜ਼ਰੂਰੀ ਵਸਤਾਂ ਦੀ ਖ਼ਰੀਦੋ-ਫ਼ਰੋਖਤ ਲਈ ਬਾਜ਼ਾਰਾਂ ’ਚ ਭੀੜ

ਦਸੂਹਾ (ਭਗਵਾਨ ਦਾਸ ਸੰਦਲ): ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤੀ ਫ਼ੌਜ ਨੇ ‘ਅਪਰੇਸ਼ਨ ਸਿੰਧੂਰ’ ਤਹਿਤ ਮਕਬੂਜ਼ਾ ਕਸ਼ਮੀਰ (ਪੀਓਕੇ) ਵਿੱਚ ਅਤਿਵਾਦੀਆਂ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਫ਼ੌਜੀ ਅਪਰੇਸ਼ਨ ਮਗਰੋਂ ਜਿੱਥੇ ਸਰਹੱਦੀ ਇਲਾਕਿਆਂ ਵਿੱਚ ਤਣਾਅ ਦਾ ਮਾਹੌਲ ਹੈ ਉੱਥੇ ਹੀ ਜੰਗ ਦੀ ਸੰਭਾਵਨਾ ਨੂੰ ਲੈ ਕੇ ਲੋਕਾਂ ਵਿਚ ਖੌਫ ਦੀ ਸਥਿਤੀ ਵੀ ਬਣੀ ਹੋਈ ਹੈ। ਵੱਡੀ ਗਿਣਤੀ ਲੋਕ ਕਰਿਆਣਾ, ਸਬਜ਼ੀਆਂ ਤੇ ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਖਰੀਦਦਾਰੀ ਕਰ ਰਹੇ ਹਨ। ਕਈ ਬਜ਼ਾਰਾਂ ਵਿੱਚ ਭਾਰੀ ਭੀੜ ਵੇਖਣ ਨੂੰ ਮਿਲੀ। ਕੁਝ ਦੁਕਾਨਦਾਰਾਂ ਮੁਤਾਬਕ ਅੱਜ ਸਵੇਰ ਤੋਂ ਹੀ ਕਰਿਆਣਾ, ਸਬਜ਼ੀਆਂ ਤੇ ਦਵਾਈਆਂ ਸਮੇਤ ਹੋਰ ਰੋਜ਼ਮਰਾ ਦੀਆਂ ਵਸਤਾਂ ਦੀ ਵਿਕਰੀ ਜ਼ੋਰਾਂ ’ਤੇ ਹੋ ਰਹੀ ਹੈ। ਦੂਜੇ ਪਾਸੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਹੈ। ਪ੍ਰਸ਼ਾਸਨ ਹਰ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਕਿਸੇ ਹੰਗਾਮੀ ਸਥਿਤੀ ਵਿੱਚ ਵੀ ਸਾਰੀਆਂ ਜ਼ਰੂਰੀ ਵਸਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਲੋਕ ਅਫਵਾਹਾਂ ਤੋਂ ਬਚਣ ਅਤੇ ਅਧਿਕਾਰਕ ਸਰੋਤਾਂ ਦੀ ਜਾਣਕਾਰੀ ’ਤੇ ਹੀ ਭਰੋਸਾ ਕੀਤਾ ਜਾਵੇ।

ਸਬਜ਼ੀਆਂ ਦੇ ਭਾਅ ਵਧੇ

ਕਾਦੀਆਂ (ਮਕਬੂਲ ਅਹਿਮਦ): ਸ਼ਹਿਰ ਦੇ ਕੁੱਝ ਸਬਜ਼ੀ ਵਿਕਰੇਤਾ ਅਤੇ ਕਰਿਆਨਾ ਸਟੋਰ ਵਾਲਿਆਂ ਨੇ ਰੇਟ ਵਧਾ ਦਿੱਤੇ ਹਨ। ਲੋਕਾਂ ’ਚ ਸਹਿਮ ਦਾ ਮਾਹੌਲ ਬਣਿਆ ਹੈ ਅਤੇ ਭਾਰਤ-ਪਾਕ ਜੰਗ ਛਿੜਨ ਦਾ ਖ਼ਦਸ਼ਾ ਸਤਾ ਰਿਹਾ ਹੈ। ਹਾਲਾਂਕਿ ਕੁੱਝ ਦੁਕਾਨਦਾਰ ਇਸ ਦਾ ਲਾਹਾ ਲੈ ਰਹੇ ਹਨ। ਅੱਜ ਸ਼ਹਿਰ ਦੇ ਪੈਟਰੋਲ ਪੰਪਾਂ ’ਤੇ ਤੇਲ ਭਰਵਾਉਣ ਵਾਲਿਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਲੋਕ ਆਪਣੇ ਵਾਹਨਾਂ ’ਚ ਪੈਟਰੋਲ ਪਵਾਉਣ ਦੇ ਇਲਾਵਾ ਕੇਨੀਆਂ ਵਿੱਚ ਡੀਜ਼ਲ ਤੇ ਪੈਟਰੋਲ ਭਰਵਾ ਕੇ ਲੈ ਜਾ ਰਹੇ ਹਨ। ਦੂਜੇ ਪਾਸੇ ਅੱਜ ਸ਼ਹਿਰ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਰਹੀ।

ਸਿਹਤ ਵਿਭਾਗ ਨੇ ਛੁੱਟੀ ’ਤੇ ਗਏ ਡਾਕਟਰਾਂ ਨੂੰ ਵਾਪਸ ਬੁਲਾਇਆ

ਗੁਰਦਾਸਪੁਰ (ਨਿੱਜੀ ਪੱਤਰ ਪ੍ਰੇਰਕ): ਭਾਰਤ-ਪਾਕਿਸਤਾਨ ਤਣਾਅ ਤੋਂ ਬਾਅਦ ਸਿਹਤ ਵਿਭਾਗ ਨੇ ਛੁੱਟੀ ’ਤੇ ਗਏ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਅਤੇ ਉਨ੍ਹਾਂ ਨੂੰ ਡਿਊਟੀ ’ਤੇ ਵਾਪਸ ਸੱਦ ਲਿਆ ਹੈ। ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਉੱਤੇ ਛੁੱਟੀ ’ਤੇ ਗਏ ਡਾਕਟਰਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਪ੍ਰਾਈਵੇਟ ਡਾਕਟਰ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਕਿਹਾ ਹੈ ਕਿ ਜੇਕਰ ਸਥਿਤੀ ਵਿਗੜਦੀ ਹੈ ਤਾਂ ਸਭ ਨੂੰ ਤਿਆਰ ਰਹਿਣਾ ਪਵੇਗਾ। ਸਿਵਲ ਸਰਜਨ ਨੇ ਜ਼ਿਲ੍ਹੇ ਭਰ ਦੇ ਐੱਸਐੱਮਓਜ਼ ਨਾਲ ਮੀਟਿੰਗ ਵੀ ਕੀਤੀ ਅਤੇ ਉਨ੍ਹਾਂ ਨੂੰ ਹਰ ਸਮੇਂ ਤਿਆਰ ਰਹਿਣ ਦੀਆਂ ਹਦਾਇਤਾਂ ਕੀਤੀਆਂ।

ਸਕੂਲ ਭਲਕ ਤੱਕ ਰਹਿਣਗੇ ਬੰਦ

ਗੁਰਦਾਸਪੁਰ (ਨਿੱਜੀ ਪੱਤਰ ਪ੍ਰੇਰਕ): ਸਰਹੱਦ ’ਤੇ ਗੰਭੀਰ ਸਥਿਤੀ ਦੇ ਕਾਰਨ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਿੱਖਿਆ ਵਿਭਾਗ ਨੇ 7 ਤੋਂ 9 ਮਈ ਤੱਕ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਹੈ। ਸਿੱਖਿਆ ਵਿਭਾਗ ਅਨੁਸਾਰ ਜੇਕਰ ਸਥਿਤੀ ਵਿਗੜਦੀ ਹੈ ਤਾਂ ਬੱਚਿਆਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਕਾਰਨ ਸਿੱਖਿਆ ਵਿਭਾਗ ਵੱਲੋਂ ਤਿੰਨ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਅਨੁਸਾਰ ਹੁਣ ਸਕੂਲ 9 ਮਈ ਨੂੰ ਨਹੀਂ ਸਗੋਂ ਸਿੱਧੇ ਸੋਮਵਾਰ 12 ਮਈ ਨੂੰ ਖੁੱਲ੍ਹਣਗੇ ਕਿਉਂਕਿ 10 ਮਈ ਦੂਜਾ ਸ਼ਨਿਚਰਵਾਰ ਹੈ ਅਤੇ 11 ਮਈ ਨੂੰ ਐਤਵਾਰ ਹੈ।

Advertisement