ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਬਲੈਕਆਊਟ ਤੇ ਮੌਕ ਡਰਿੱਲ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 31 ਮਈ
ਅੰਮ੍ਰਿਤਸਰ ਸ਼ਹਿਰ ਵਿੱਚ ਰਾਤ ਨੂੰ ਸਿਵਲ ਡਿਫੈਂਸ ਅਭਿਆਸ ਦੇ ਹਿੱਸੇ ਵਜੋਂ ਸ਼ਾਮ 8.00 ਵਜੇ ਤੋਂ ਸ਼ਾਮ 8.30 ਵਜੇ ਤੱਕ ਬਲੈਕਆਊਟ ਕੀਤਾ ਗਿਆ ਜਿਸ ਦੌਰਾਨ ਲਾਈਟਾਂ ਬੰਦ ਰੱਖੀਆਂ ਗਈਆਂ। ਦੱਸਣਯੋਗ ਹੈ ਕਿ ਇਸ ਦੌਰਾਨ ਸ਼ਹਿਰ ਦੇ ਅੰਦਰੂਨੀ ਹਿੱਸੇ, ਹਵਾਈ ਅੱਡਾ ਅਤੇ ਦਿਹਾਤੀ ਖੇਤਰ ਨੂੰ ਬਲੈਕ ਆਊਟ ਤੋਂ ਪਾਸੇ ਰੱਖਿਆ ਗਿਆ ਸੀ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਬਲੈਕਆਊਟ ਦੌਰਾਨ ਲਾਈਟਾਂ ਬੰਦ ਰੱਖਣ ਦਾ ਅਭਿਆਸ ਕੀਤਾ ਗਿਆ, ਜਿਸ ਵਿੱਚ ਬਿਜਲੀ ਵਿਭਾਗ ਦੇ ਨਾਲ ਨਾਲ ਲੋਕਾਂ ਨੇ ਵੀ ਸਹਿਯੋਗ ਦਿੱਤਾ। ਇਸ ਦੌਰਾਨ ਹਸਪਤਾਲਾਂ ਅਤੇ ਕੁਝ ਜਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀ ਬਿਜਲੀ ਸਪਲਾਈ ਬੰਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਇਸ ਤੋਂ ਪਹਿਲਾਂ ਵੀ ਵਧੀਕ ਡਿਪਟੀ ਕਮਿਸ਼ਨਰ ਅਮਿਤ ਸਰੀਨ ਦੀ ਅਗਵਾਈ ਹੇਠ ਰਣਜੀਤ ਐਵੇਨਿਊ ਇਲਾਕੇ ਵਿੱਚ ਮੌਕ ਡਰਿਲ ਕੀਤੀ ਗਈ, ਜਿਸ ਵਿੱਚ ਲੋਕਾਂ ਨੂੰ ਹਵਾਈ ਹਮਲੇ ਦੌਰਾਨ ਘਰਾਂ ਤੋਂ ਬਾਹਰ ਨਿਕਲਣ ਅਤੇ ਬਚਾਅ ਲਈ ਕਰਮਚਾਰੀਆਂ ਵੱਲੋਂ ਟਰਾਇਲ ਕੀਤੇ ਗਏ। ਉਨ੍ਹਾਂ ਕਿਹਾ ਕਿ ਅਭਿਆਸ ਦਾ ਉਦੇਸ਼ ਸੰਭਾਵੀ ਹਵਾਈ ਹਮਲਿਆਂ ਜਾਂ ਯੁੱਧ ਵਰਗੀਆਂ ਸਥਿਤੀਆਂ ਦੌਰਾਨ ਐਮਰਜੈਂਸੀ ਪ੍ਰਤੀਕਿਰਿਆ ਲਈ ਵਸਨੀਕਾਂ ਨੂੰ ਤਿਆਰ ਕਰਨਾ ਸੀ।
ਅਜਿਹੇ ਹਾਲਾਤ ਵਿੱਚ ਸਾਰੀਆਂ ਲਾਈਟਾਂ, ਇਨਵਰਟਰ ਅਤੇ ਜਨਰੇਟਰ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣੇ ਚਾਹੀਦੇ ਹਨ। ਆਟੋ-ਆਨ ਸੋਲਰ, ਸੀ ਸੀ ਟੀ ਵੀ ਲਾਈਟਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਵਾਹਨਾਂ ਨੂੰ ਸੜਕ ਦੇ ਕਿਨਾਰੇ ਖੜ੍ਹਾ ਕਰਕੇ, ਲਾਈਟਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਹਵਾਈ ਹਮਲਿਆਂ ਦੌਰਾਨ ਸੰਭਾਵੀ ਨਿਸ਼ਾਨਾ ਬਣਨ ਤੋਂ ਬਚਣ ਲਈ ਕਰੈਸ਼ ਬਲੈਕਆਊਟ ਇੱਕ ਮਹੱਤਵਪੂਰਨ ਐਮਰਜੈਂਸੀ ਉਪਾਅ ਸਮਝਿਆ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਜਿਨ੍ਹਾਂ ਵੀ ਦੁਕਾਨਾਂ, ਹੋਟਲਾਂ ਅਤੇ ਹੋਰ ਅਦਾਰਿਆਂ ਨੇ ਬਲੈਕਆਊਟ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ, ਉਨ੍ਹਾਂ ਖਿਲਾਫ ਨੋਟਿਸ ਜਾਰੀ ਕੀਤੇ ਜਾਣਗੇ।
ਫਗਵਾੜਾ (ਪੱਤਰ ਪ੍ਰੇਰਕ): ਗ੍ਰਹਿ ਵਿਭਾਗ ਵਲੋਂ ਜਾਰੀ ਹੁਕਮਾਂ ਤਹਿਤ ਅੱਜ ਰਾਤ ਮੌਕ ਡਰਿੱਲ ਕਰਵਾਈ ਗਈ। ਫ਼ਾਇਰ ਬ੍ਰਿਗੇਡ ਤੇ ਪੁਲੀਸ ਦੀਆਂ ਗੱਡੀਆਂ ਨੇ ਸ਼ਹਿਰ ’ਚ ਘੁੰਮ ਕੇ ਜਾਇਜ਼ਾ ਲਿਆ। 9.30 ਵਜੇ ਲਾਈਟ ਬੰਦ ਕਰ ਦਿੱਤੀ ਗਈ ਤੇ ਲੋਕ ਆਪੋ ਆਪਣੇ ਘਰਾਂ ’ਚ ਵੜ ਗਏ ਤੇ ਲੋਕਾਂ ਨੇ ਇਸ ਦੀ ਗੰਭੀਰਤਾ ਨਾਲ ਪਾਲਣਾ ਕੀਤੀ। ਦੂਸਰੇ ਪਾਸੇ ਸੜਕਾਂ ’ਤੇ ਲੋਕ ਆਮ ਵਾਂਗ ਘੁੰਮਦੇ ਨਜ਼ਰ ਆਉਂਦੇ ਰਹੇ। ਐਸ.ਡੀ.ਐਮ ਜਸ਼ਨਜੀਤ ਸਿੰਘ, ਐਸ.ਐਚ.ਓ ਸਿਟੀ ਊਸ਼ਾ ਰਾਣੀ, ਟ੍ਰੈਫ਼ਿਕ ਇੰਚਾਰਜ ਅਮਨ ਕੁਮਾਰ ਨੇ ਇਲਾਕੇ ਵਿਚ ਜਾ ਕੇ ਜਾਇਜ਼ਾ ਲਿਆ।
ਅਧਿਕਾਰੀਆਂ ਨੇ ਹੰਗਾਮੀ ਹਾਲਾਤ ਨਾਲ ਨਜਿੱਠਣ ਦੀ ਜਾਣਕਾਰੀ ਦਿੱਤੀ
ਜਲੰਧਰ (ਹਤਿੰਦਰ ਮਹਿਤਾ): ਅੱਜ ਜਿਉਂ ਹੀ ਸ਼ਾਮ ਦੇ 6 ਵੱਜੇ ਤਾਂ ਕੈਂਟ ਬੋਰਡ ਦਫ਼ਤਰ, ਨੇੜੇ ਜਵਾਹਰ ਪਾਰਕ ਜਲੰਧਰ ਕੈਂਟ ਵਿਖੇ ਮੌਕ ਡਰਿੱਲ ਕਰਵਾਈ ਗਈ। ਇਸ ਤੋਂ ਪਹਿਲਾਂ ਆਰਮੀ ਵਲੋਂ ਬ੍ਰਿਗੇਡੀਅਰ ਸੁਨੀਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਕੱਤਰ, ਰਿਜਨਲ ਟਰਾਂਸਪੋਰਟ ਅਥਾਰਟੀ ਜਲੰਧਰ ਬਲਬੀਰ ਰਾਜ ਸਿੰਘ ਵਲੋਂ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਤੋਂ ਇਲਾਵਾ ਫੌਜ, ਸਿਵਲ ਡਿਫੈਂਸ, ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ., ਪੰਜਾਬ ਹੋਮਗਾਰਡਜ਼, ਫਾਇਰ ਬ੍ਰਿਗੇਡ, ਸਿਹਤ ਵਿਭਾਗ ਸਮੇਤ ਹੋਰ ਜ਼ਰੂਰੀ ਸੇਵਾਵਾਂ ਨਾਲ ਜੁੜੇ ਵਿਭਾਗਾਂ ਦੇ ਅਧਿਕਾਰੀ ਸ਼ਾਮਿਲ ਸਨ। ਬ੍ਰੀਫਿੰਗ ਤੋਂ ਬਾਅਦ ਇਹ ਵਿਭਾਗ ਤੁਰੰਤ ਹਰਕਤ ਵਿੱਚ ਆਏ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਠੀਕ 6 ਵਜੇ ਹਵਾਈ ਹਮਲੇ ਦੇ ਖਤਰੇ ਦਾ ਸਾਇਰਨ ਵੱਜਿਆ ਅਤੇ ਉਸ ਤੋਂ ਬਾਅਦ ਇਹ ਅਭਿਆਸ ਕੀਤਾ ਗਿਆ, ਜਿਸ ਵਿੱਚ ਪਹਿਲੇ ਅਭਿਆਸ ਵਿੱਚ ਦਿਖਾਇਆ ਗਿਆ ਕਿ ਜੋ ਲੋਕ ਧਰਤੀ ‘ਤੇ ਲੇਟ ਗਏ ਜਾਂ ਸੁਰੱਖਿਅਤ ਥਾਵਾਂ ਉੱਤੇ ਚਲੇ ਗਏ, ਉਹ ਬਚ ਗਏ ਅਤੇ ਜਿਨ੍ਹਾਂ ਵਿਅਕਤੀਆਂ ਨੇ ਸੁਰੱਖਿਆ ਉਪਾਅ ਦੀ ਪਾਲਣਾ ਨਹੀਂ ਕੀਤੀ, ਉਹ ਪ੍ਰਭਾਵਿਤ ਹੋਏ। ਉਸ ਤੋਂ ਬਾਅਦ ਪ੍ਰਭਾਵਿਤ ਹੋਏ ਲੋਕਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਣ ਦਾ ਅਭਿਆਸ ਕੀਤਾ ਗਿਆ ਅਤੇ ਨਾਲ ਦੀ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਵੀ ਫਾਇਰ ਬ੍ਰਿਗੇਡ ਦੀ ਮਦਦ ਨਾਲ ਮੌਕੇ ‘ਤੇ ਰੋਕਣ ਦਾ ਅਭਿਆਸ ਕੀਤਾ ਗਿਆ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮੌਕ ਡਰਿੱਲ ਦੌਰਾਨ ਜਿਥੇ ਜਨਤਾ ਦੀ ਜਾਨ-ਮਾਲ ਦੀ ਰੱਖਿਆ ਕਰਨ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਂਦਾ ਹੈ, ਉਥੇ ਹੀ ਜ਼ਰੂਰੀ ਸੇਵਾਵਾਂ ਜਿਵੇਂ ਖਾਧ ਪਦਾਰਥਾਂ ਦੀ ਉਪਲਬੱਧਤਾ, ਸਿਹਤ ਸੇਵਾਵਾਂ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਮੁੱਹਈਆ ਕਰਵਾਉਣ ਦਾ ਅਭਿਆਸ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੰਗਾਮੀ ਹਾਲਾਤ ਦੌਰਾਨ ਸੁਰੱਖਿਆ ਉਪਾਵਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਤਾਂ ਜੋ ਸਾਵਧਾਨੀਆਂ ਵਰਤਕੇ ਆਪਣਾ ਬਚਾਅ ਕੀਤਾ ਜਾ ਸਕੇ। ਇਸ ਤੋਂ ਇਲਾਵਾ ਜਲੰਧਰ ਤੇ ਹੋਰ ਖੇਤਰਾਂ ਵਿੱਚ ਰਾਤ ਵੇਲੇ ਬਲੈਕਆਊਟ ਕੀਤਾ ਗਿਆ ਜਿਸ ਦੌਰਾਨ ਜ਼ਿਆਦਾਤਰ ਲੋਕਾਂ ਨੇ ਪ੍ਰਸ਼ਾਸਨ ਦਾ ਸਹਿਯੋਗ ਦਿੰਦਿਆਂ ਬੱਤੀਆਂ ਬੰਦ ਰੱਖੀਆਂ।
ਡਰਿੱਲ ਦੌਰਾਨ ਪੀੜਤਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ
ਦਸੂਹਾ (ਭਗਵਾਨ ਦਾਸ ਸੰਦਲ): ਇਥੇ ਕਿਸੇ ਹੰਗਾਮੀ ਸਥਿਤੀ ਵਿੱਚ ਸੁਰੱਖਿਆ ਅਤੇ ਬਚਾਅ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਅੱਜ ਦਸੂਹਾ ਦੀ ਆਰਮੀ ਗਰਾਊਂਡ ਵਿੱਚ ਜ਼ਿਲ੍ਹਾ ਪੱਧਰੀ ਮੌਕ ਡਰਿੱਲ ਕੀਤੀ ਗਈ। ਐਸਡੀਐਮ ਦਸੂਹਾ ਕੰਵਲਜੀਤ ਸਿੰਘ ਦੀ ਦੇਖ ਰੇਖ ਹੇਠ ਕਰਵਾਈ ਡਰਿੱਲ ਵਿੱਚ ਸਿਵਲ ਡਿਫੈਂਸ, ਫਾਇਰ ਬ੍ਰਿਗੇਡ, ਸਿਹਤ ਟੀਮਾਂ, 12 ਪੰਜਾਬ ਐਨ.ਸੀ.ਸੀ, ਐਨ.ਐਸ.ਐਸ. ਪੁਲੀਸ ਅਤੇ ਹੋਮ ਗਾਰਡ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਹਿੱਸਾ ਲਿਆ। ਅਭਿਆਸ ਦੌਰਾਨ ਇਕ ਮਿਲਟਰੀ ਸਟੇਸ਼ਨ ’ਤੇ ਦੁਸ਼ਮਣ ਦੇ ਡਰੋਨਾਂ ਦੇ ਝੁੰਡ ਵੱਲੋਂ ਕੀਤੇ ਹਮਲੇ ਮਗਰੋਂ ਸਟੇਸ਼ਨ ਕਮਾਂਡਰ ਨੇ ਸਿਵਲ ਪ੍ਰਸ਼ਾਸਨ ਤੋਂ ਮਦਦ ਮੰਗੀ। ਇਸ ਤਹਿਤ ਮੌਕੇ ’ਤੇ ਪਹੁੰਚੇ ਪ੍ਰਸ਼ਾਸਨ ਨੇ 20 ਪੀੜਤਾਂ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾਉਣ ਦਾ ਅਭਿਆਸ ਕੀਤਾ।