ਬੀ ਕੇ ਯੂ ਉਗਰਾਹਾਂ ਨੇ ਟਰੈਕਟਰ ਭੇਜੇ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅਜਨਾਲਾ ਤਹਿਸੀਲ ਦੇ ਦਰਿਆ ਰਾਵੀ ਤੋਂ ਪਾਰ ਦੇ ਪਿੰਡਾਂ ਵਿੱਚ ਜ਼ਮੀਨਾਂ ਪੱਧਰ ਕਰਨ ਦੀ ਮੁਹਿੰਮ ਲਗਾਤਾਰ ਚਲਾਈ ਗਈ। ਇਸੇ ਤਹਿਤ ਸੈਂਕੜੇ ਟਰੈਕਟਰ ਜ਼ਿਲ੍ਹਾ ਸੰਗਰੂਰ ਤੋਂ ਇੱਥੇ ਜ਼ਮੀਨ ਪੱਧਰ ਕਰਨ ਵਾਸਤੇ ਪੁੱਜੇ ਹਨ।
ਇਸ ਦੌਰਾਨ ਪਿੰਡ ਦਰੀਆ ਮੂਸਾ ਵਿੱਚ ਕਿਸਾਨ ਜਥੇਬੰਦੀ ਦੇ ਸਥਾਨਕ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਨੇ ਕਿਹਾ ਕਿ ਬੀ ਕੇ ਯੂ ਏਕਤਾ ਉਗਰਾਹਾਂ ਵੱਲੋਂ ਪੜਾਅਵਾਰ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ। ਪਹਿਲਾਂ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਨੂੰ ਕਣਕ ਵੰਡੀ ਗਈ ਤੇ ਉਪਰੰਤ ਬਿਸਤਰੇ, ਗਰਮ ਸੂਟ ਅਤੇ ਪਸ਼ੂਆਂ ਦਾ ਚਾਰਾ ਤੂੜੀ ਅਤੇ ਆਚਾਰ ਵੰਡਿਆ ਗਿਆ। ਹੁਣ ਸੈਂਕੜੇ ਟਰੈਕਟਰ ਜ਼ਿਲ੍ਹਾ ਸੰਗਰੂਰ ਤੋਂ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਵਿੱਚ ਇੱਥੇ ਪਹੁੰਚੇ ਹਨ। ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਜ਼ਮੀਨ ਗਾਰ ਅਤੇ ਰੇਤ ਭਰ ਗਈ ਹੈ। ਇਸ ਜ਼ਮੀਨ ਨੂੰ ਪੱਧਰ ਕਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਹੜ੍ਹ ਪੀੜਤ ਲੋਕ ਆਪਣੇ ਪੈਰਾਂ ਸਿਰ ਖੜ੍ਹੇ ਨਹੀਂ ਹੁੰਦੇ, ਮਦਦ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀ ਬਾਂਹ ਫੜਨ ਵਿੱਚ ਅਸਫਲ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ 100 ਫ਼ੀਸਦੀ ਖ਼ਰਾਬ ਹੋਈ ਫ਼ਸਲ ਦਾ ਸਿਰਫ਼ ਵੀਹ ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾ ਰਿਹਾ ਜੋ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਅਤੇ ਨੁਕਸਾਨੇ ਘਰਾਂ ਦੀ ਮੁਰੰਮਤ ਕਰਵਾਈ ਜਾਵੇ। ਹੜ੍ਹਾਂ ਨਾਲ ਨੁਕਸਾਨੀਆਂ ਸੜਕਾਂ, ਸਕੂਲ, ਆਂਗਨਵਾੜੀ ਸੈਂਟਰ ਦੀ ਮੁਰੰਮਤ ਕਰਵਾਈ ਜਾਵੇ। ਇਸ ਮੌਕੇ ਮਨਜੀਤ ਸਿੰਘ ਘਰਾਚੋਂ, ਹਰਜੀਤ ਸਿੰਘ, ਬਘੇਲ ਸਿੰਘ ਮੁਗਲਕੋਟ, ਪਰਮਿੰਦਰ ਸਿੰਘ ਪੰਡੋਰੀ, ਕੁਲਬੀਰ ਜੇਠੂਵਾਲ, ਪ੍ਰਿਥੀਪਾਲ ਸਿੰਘ ਥੋਬਾ, ਰੁਪਿੰਦਰ ਸਿੰਘ ਮੱਧੂਛਾਗਾ, ਪਰਗਟ ਚਾਹੜਪੁਰ ਆਦਿ ਹਾਜ਼ਰ ਸਨ।
