ਭਾਜਪਾ ਆਗੂਆਂ ਨੇ ਭੋਗਪੁਰ ਵਿੱਚ ਏਕਤਾ ਮਾਰਚ ਕੀਤਾ
ਭਾਜਪਾ ਨੇ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਸਨੌਰਾ-ਭੋਗਪੁਰ ਦੇ ਸਹਿਯੋਗ ਨਾਲ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜੈਅੰਤੀ ਨੂੰ ਸਮਰਪਿਤ ਸ਼ਹਿਰ ਵਿਚ ਏਕਤਾ ਮਾਰਚ ਕੀਤਾ। ਇਸ ਦੌਰਾਨ ਰਾਜ ਸਭਾ ਮੈਂਬਰ ਨਰੇਸ਼ ਬਾਂਸਲ, ਹਲਕਾ ਆਦਮਪੁਰ ਦੇ ਇੰਚਾਰਜ ਹਰਵਿੰਦਰ ਸਿੰਘ ਡੱਲੀ, ਜ਼ਿਲ੍ਹਾ ਜਲੰਧਰ (ਉੱਤਰੀ-ਦਿਹਾਤੀ) ਦੇ ਪ੍ਰਧਾਨ ਰਣਜੀਤ ਸਿੰਘ ਪਵਾਰ, ਸਾਬਕਾ ਪ੍ਰਧਾਨ ਅਰੁਣ ਸ਼ਰਮਾ ਦੀ ਅਗਵਾਈ ਵਿੱਚ ਭਾਜਪਾ ਕਾਰਕੁਨ ਅਤੇ ਵਿਦਿਆਰਥੀ ਏਕਤਾ ਮਾਰਚ ਵਿਚ ਸ਼ਾਮਲ ਹੋਏ। ਭਾਜਪਾ ਆਗੂਆਂ ਨੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਪਹੁੰਚ ਕੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਫੁੱਲਾਂ ਦੇ ਹਾਰ ਪਾ ਪਾਏ। ਰਾਜ ਸਭਾ ਮੈਂਬਰ ਨਰੇਸ਼ ਬਾਂਸਲ ਨੇ ਕਿਹਾ ਕਿ ਵਲਭ ਭਾਈ ਪਟੇਲ ਨੇ ਦੇਸ਼ ਦੀ ਅਜ਼ਾਦੀ ਤੋਂ ਬਾਅਦ 562 ਰਿਆਸਤਾਂ ਖਤਮ ਕਰਕੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸਾਂਝੀਵਾਲਤਾ ਨੂੰ ਮਜ਼ਬੂਤ ਕੀਤਾ। ਉਨ੍ਹਾਂ ਕਿਹਾ ‘ਆਪ’ ਸਰਕਾਰ ਹਰ ਮੁਹਾਜ਼ ’ਤੇ ਫੇਲ੍ਹ ਹੋ ਚੁੱਕੀ ਹੈ ਕਿਉਂਕਿ ਇਸ ਸਰਕਾਰ ਦੇ ਰਾਜ ਵਿਚ ਨਸ਼ੇ ਵਧੇ, ਗੈਂਗਸਟਰਾਂ ਨੂੰ ਹੱਲਾਸ਼ੇਰੀ ਮਿਲੀ ਅਤੇ ਭ੍ਰਿਸ਼ਟਾਚਾਰ ਸਿਖਰਾਂ ਛੂਹ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਿਸ਼ਾਹੀਣ ਹੋ ਕੇ ਵੋਟ ਚੋਰੀ ਦਾ ਇਲਜ਼ਾਮ ਭਾਜਪਾ 'ਤੇ ਲਗਾ ਰਹੀ ਹੈ। ਅਸਲ ਗੱਲ ਇਹ ਹੈ ਕਿ ਸਰਕਾਰ ਨੇ ਕਾਂਗਰਸ ਪਾਰਟੀ ਵੱਲੋਂ ਬਣਾਈਆਂ ਗ਼ਲਤ ਅਤੇ ਫਰਜ਼ੀ ਵੋਟਾਂ ਕੱਟ ਦਿੱਤੀਆਂ ਹਨ ਜਿਨ੍ਹਾਂ ਦੇ ਆਸਰੇ ਆਜ਼ਾਦੀ ਤੋਂ ਬਾਅਦ ਕਾਂਗਰਸ ਦੇਸ਼ ਦੀ ਸਤਾ 'ਤੇ ਕਾਬਜ਼ ਰਹੀ। ਹਲਕਾ ਇੰਚਾਰਜ ਹਰਵਿੰਦਰ ਸਿੰਘ ਡੱਲੀ ਨੇ ਸਾਰਿਆਂ ਦਾ ਧੰਨਵਾਦ ਕੀਤਾ।
