ਬਲਾਚੌਰ ਵਾਸੀਆਂ ਵੱਲੋਂ ਪਰਵਾਸੀਆਂ ਖ਼ਿਲਾਫ਼ ਧਰਨਾ
ਪਰਵਾਸੀਆਂ ਵੱਲੋਂ ਕੀਤੀਆਂ ਜਾਂਦੀਆਂ ਕਥਿਤ ਧੱਕੇਸ਼ਾਹੀਆਂ ਖ਼ਿਲਾਫ਼ ਬਲਾਚੌਰ ਇਲਾਕਾ ਵਾਸੀਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੇ ਸਹਿਯੋਗ ਨਾਲ ਸਥਾਨਕ ਅਨਾਜ ਮੰਡੀ ਵਿੱਚ ਰੋਸ ਧਰਨਾ ਦਿੱਤਾ ਗਿਆ ਜਿਸ ਵਿੱਚ ਨੇੜਲੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਦੌਰਾਨ ਧਰਨੇ ਮੌਕੇ ਸੁਖਜਿੰਦਰ ਸਿੰਘ ਲਾਡੀ, ਹਰਨੇਕ ਸਿੰਘ ਸਰਪੰਚ ਜਮੀਤਗੜ੍ਹ ਤੇ ਤੇਜੀ ਮਾਂਗਟ ਨੇ ਕਿਹਾ ਕਿ ਇਹ ਧਰਨਾ ਹਲਕੇ ਦੀ ਭਲਾਈ ਨੂੰ ਮੁੱਖ ਰੱਖਦਿਆਂ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰਾਂ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਬਾਹਰਲੇ ਸੂਬੇ ਦਾ ਕੋਈ ਵੀ ਪਰਵਾਸੀ ਵਿਅਕਤੀ ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਕੋਈ ਜ਼ਮੀਨ-ਜਾਇਦਾਦ ਨਾ ਖਰੀਦ ਸਕੇ ਤੇ ਨਾ ਹੀ ਉਸ ਦੀ ਕੋਈ ਵੋਟ ਤੇ ਆਧਾਰ ਕਾਰਡ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮੋਟਰਾਂ ’ਤੇ ਰਹਿ ਰਹੇ ਪਰਵਾਸੀਆਂ ਵੱਲੋਂ ਦੋ-ਦੋ ਆਧਾਰ ਕਾਰਡ ਬਣਾਏ ਗਏ ਹਨ ਜਿਨ੍ਹਾਂ ’ਤੇ ਇੱਕ ਪਤਾ ਆਪਣੇ ਸੂਬੇ ਦਾ ਤੇ ਇੱਕ ਪੰਜਾਬ ਦੇ ਪਤੇ ਨਾਲ ਸਬੰਧਤ ਹੈ। ਉਨ੍ਹਾਂ ਪਿਛਲੇ ਦਿਨੀਂ ਹੁਸ਼ਿਆਰਪੁਰ ਵਿੱਚ ਨਾਬਾਲਗ ਬੱਚੇ ਨਾਲ ਵਾਪਰੀ ਘਟਨਾ ਦੀ ਨਿੰਦਾ ਕੀਤੀ ਅਤੇ ਸਬੰਧਤ ਮੁਲਜ਼ਮ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਗੰਭੀਰ ਮਸਲੇ ਸਬੰਧੀ ਸਮੁੱਚੇ ਵਫ਼ਦ ਵੱਲੋਂ ਐੱਸਡੀਐੱਮ ਬਲਾਚੌਰ ਨੂੰ ਤਹਿਸੀਲਦਾਰ ਸੁਖਬੀਰ ਕੌਰ ਰਾਹੀਂ ਮੰਗ ਪੱਤਰ ਵੀ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਅਜਿਹੇ ਧਰਨੇ ਤਹਿਸੀਲ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਇਸ ਮੁੱਖ ਮਸਲੇ ਦਾ ਸਰਕਾਰ ਵੱਲੋਂ ਕੋਈ ਪੁਖਤਾ ਹੱਲ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰਹਿੰਦੇ ਪਰਵਾਸੀਆਂ ਦੀ ਪੰਜਾਬ ਸਰਕਾਰ ਵੱਲੋਂ ਤੁਰੰਤ ਵੈਰੀਫਿਕੇਸ਼ਨ ਕਰਵਾਈ ਜਾਵੇ ਤਾਂ ਜੋ ਵੱਡੇ ਅਪਰਾਧਾਂ ਨੂੰ ਠੱਲ ਪਾਈ ਜਾ ਸਕੇ।