ਤੀਰ-ਕਮਾਨ ਦੇ ਚਿੰਨ੍ਹ ਨਾਲ ਬਬਰੀਕ ਚੌਕ ਨੂੰ ਮਿਲੀ ਨਵੀਂ ਦਿੱਖ
ਕੈਬਨਿਟ ਮੰਤਰੀ ਵੱਲੋਂ ਨਵੀਨੀਕਰਨ ਮਗਰੋਂ ਚੌਕ ਲੋਕਾਂ ਨੂੰ ਸਮਰਪਿਤ
Advertisement
ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵੱਲੋਂ ਅੱਜ ਨਵੇਂ ਸਿਰੇ ਤੋਂ ਬਣਾਏ ਗਏ ਬਬਰੀਕ ਚੌਕ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਗਿਆ, ਇਸ ਮੌਕੇ ਧਨੁਸ਼-ਤੀਰ ਦੇ ਢਾਂਚੇ ਦਾ ਉਦਘਾਟਨ ਕੀਤਾ ਗਿਆ ਜਿਸ ਨੇ ਸ਼ਹਿਰ ਦੇ ਇਸ ਸਥਾਨ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ। ਮੇਅਰ ਵਿਨੀਤ ਧੀਰ, ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ ਅਤੇ ਸੀਨੀਅਰ ਆਪ ਆਗੂ ਨਿਤਿਨ ਕੋਹਲੀ ਦੇ ਨਾਲ ਕੈਬਨਿਟ ਮੰਤਰੀ ਨੇ ਕਿਹਾ ਕਿ ਨਵੀਨੀਕਰਨ ਕੀਤਾ ਗਿਆ ਇਹ ਚੌਕ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਵਧਾਏਗਾ। ਇਸ ਮੌਕੇ ਕੈਬਨਿਟ ਮੰਤਰੀ ਨੇ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਯੂਨੀਵਰਸ ਸਪੋਰਟਸ ਦੇ ਸਹਿਯੋਗ ਨਾਲ ਬਣਾਏ ਗਏ ਇਸ ਸੁੰਦਰ ਚੌਕ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਨੂੰ ਵੀ ਯਕੀਨੀ ਬਣਾਇਆ ਜਾਵੇ, ਤਾਂ ਜੋ ਬਬਰੀਕ ਚੌਕ ਦੀ ਸੁੰਦਰਤਾ ਆਉਣ ਵਾਲੇ ਸਾਲਾਂ ਵਿੱਚ ਵੀ ਬਰਕਰਾਰ ਰਹੇ। ਸ੍ਰੀ ਭਗਤ ਨੇ ਅੱਗੇ ਦੱਸਿਆ ਕਿ ਨਗਰ ਨਿਗਮ ਵਲੋਂ ਪਹਿਲਾਂ ਹੀ ਸ਼ਹਿਰ ਦੇ ਚੌਰਾਹਿਆਂ ਨੂੰ ਨਵੀਂ ਦਿੱਖ ਅਤੇ ਸੁੰਦਰ ਬਣਾਉਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਲੋਕਾਂ ਨੂੰ ਸ਼ਹਿਰ ਦੇ ਅਨੇਕਾਂ ਚੌਕਾਂ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ, ਜਿਸ ਨਾਲ ਜਲੰਧਰ ਨੂੰ ਹੋਰ ਆਕਰਸ਼ਿਕ ਤੇ ਖੂਬਸੂਰਤ ਦਿੱਖ ਮਿਲੇਗੀ।
Advertisement
Advertisement