ਹਥਿਆਰਬੰਦ ਲੁਟੇਰਿਆਂ ਨੇ ਗਹਿਣੇ ਤੇ ਨਕਦੀ ਲੁੱਟੀ
ਸੀਸੀਟੀਵੀ ਫੁਟੇਜ ਵਿੱਚ ਤਿੰਨ ਲੁਟੇਰੇ ਪਿਸਤੌਲ ਅਤੇ ਹੋਰ ਹਥਿਆਰਾਂ ਨਾਲ ਦੁਕਾਨ ਵਿੱਚ ਦਾਖ਼ਲ ਹੋਏ ਦਿਖਾਈ ਦੇ ਰਹੇ ਹਨ। ਇਕ ਲੁਟੇਰੇ ਨੇ ਤੇਜ਼ਧਾਰ ਹਥਿਆਰ ਨਾਲ ਕਾਊਂਟਰ ਦਾ ਸ਼ੀਸ਼ਾ ਤੋੜਿਆ, ਜਦਕਿ ਹੋਰ ਦੋ ਸਾਥੀ ਸ਼ੋਅ-ਕੇਸਾਂ ਵਿੱਚੋਂ ਗਹਿਣੇ ਸਮੇਟਣ ਲੱਗੇ। ਲੁਟੇਰਿਆਂ ਨੇ ਦੁਕਾਨ ਮਾਲਕ ’ਤੇ ਪਿਸਤੌਲ ਤਾਣ ਕੇ ਤਿਜੋਰੀ ਖੋਲ੍ਹਣ ਲਈ ਮਜਬੂਰ ਕੀਤਾ। ਤਿਜੋਰੀ ਵਿੱਚੋਂ ਨਕਦੀ ਕੱਢਣ ਤੋਂ ਬਾਅਦ ਉਹ ਹੋਰ ਸੋਨੇ ਦੇ ਗਹਿਣੇ ਵੀ ਬੈਗਾਂ ਵਿੱਚ ਪਾ ਲੈ ਗਏ। ਇਸ ਤੋਂ ਬਾਅਦ ਲੁਟੇਰੇ ਮੌਕੇ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਏ।
ਪੀੜਤ ਪਰਿਵਾਰ ਨੇ ਦੱਸਿਆ ਕਿ ਲੁਟੇਰੇ ਲਗਭਗ ਦੋ ਲੱਖ ਰੁਪਏ ਦੀ ਨਕਦੀ ਤੇ ਵੱਡੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਲੈ ਕੇ ਚਲੇ ਗਏ। ਇੱਕ ਹੋਰ ਦੁਕਾਨਦਾਰ ਨੇ ਦੱਸਿਆ ਕਿ ਲੁਟੇਰੇ ਕੁੱਲ ਪੰਜ ਵਿਅਕਤੀ ਸਨ ਤਿੰਨ ਦੁਕਾਨ ਦੇ ਅੰਦਰ ਦਾਖਲ ਹੋਏ ਜਦਕਿ ਦੋ ਬਾਹਰ ਖੜ੍ਹੇ ਰਹੇ। ਅੰਦਰ ਦਾਖਲ ਹੋਏ ਲੁਟੇਰਿਆਂ ਦੇ ਹੱਥਾਂ ਵਿੱਚ ਪਿਸਤੌਲ ਸਨ ਅਤੇ ਉਨ੍ਹਾਂ ਨੇ ਦੁਕਾਨਦਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਪੁਲੀਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਇੱਕ ਲੁਟੇਰੇ ਦੀ ਪਛਾਣ ਕਰ ਲਈ ਹੈ, ਜੋ ਕਿ ਦੁਕਾਨ ਦੇ ਬਿਲਕੁਲ ਨੇੜੇ ਹੀ ਰਹਿੰਦਾ ਹੈ। ਪੁਲੀਸ ਨੇ ਉਸ ਦੇ ਘਰ ਛਾਪਾ ਮਾਰਿਆ ਪਰ ਉਹ ਘਰ ਵਿੱਚ ਨਹੀਂ ਮਿਲਿਆ। ਫਿਲਹਾਲ ਕਿਸੇ ਪੁਲੀਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।
 
 
             
            