ਸੰਯੁਕਤ ਰਾਸ਼ਟਰ ਦਿਵਸ ਨੂੰ ਨੈਤਿਕ ਚੇਤਨਾ ਵਜੋਂ ਮਨਾਉਣ ਦੀ ਅਪੀਲ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸੰਯੁਕਤ ਰਾਸ਼ਟਰ ਨੂੰ ਪ੍ਰਸਤਾਵ ਭੇਜ ਕੇ ਮੰਗ ਕੀਤੀ ਉਹ 24 ਅਕਤੂਬਰ ਨੂੰ ਮਨਾਇਆ ਜਾਣ ਵਾਲਾ ‘ਸੰਯੁਕਤ ਰਾਸ਼ਟਰ ਦਿਵਸ’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਰਬ-ਵਿਆਪੀ ਨੈਤਿਕ ਵਿਰਾਸਤ ਅਤੇ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਕਰਨ। ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਯੂਨੀਵਰਸਿਟੀ ਨੇ ਸੰਯੁਕਤ ਰਾਸ਼ਟਰ ਦਿਵਸ ਨੂੰ ‘ਨੈਤਿਕ ਚੇਤਨਾ ਦਿਵਸ’ ਵਜੋਂ ਮਨਾਉਣ ਦੀ ਤਜਵੀਜ਼ ਰੱਖੀ ਹੈ। ਇਸ ‘ਨੈਤਿਕ ਚੇਤਨਾ ਦਿਵਸ’ ਉੱਤੇ ਆਧਾਰਿਤ ਅੰਮ੍ਰਿਤਸਰ ਐਲਾਨਨਾਮੇ ਨੂੰ 11 ਅਤੇ 12 ਨਵੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਬੰਧੀ ਕਰਵਾਏ ਗਏ ਰਾਸ਼ਟਰੀ ਸੈਮੀਨਾਰ ਦੌਰਾਨ 70 ਤੋਂ ਵੱਧ ਵਿਦਵਾਨਾਂ ਦੀ ਸਹਿਮਤੀ ਨਾਲ ਅਪਣਾਇਆ ਗਿਆ ਹੈ। ਇਸ ਨੂੰ ਰਸਮੀ ਤੌਰ ’ਤੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਪੜ੍ਹਿਆ ਅਤੇ ਪੇਸ਼ ਕੀਤਾ।
‘ਨੈਤਿਕ ਚੇਤਨਾ ਦਿਵਸ’ ਦਾ ਮੁੱਖ ਉਦੇਸ਼ ਵਿਸ਼ਵ ਪੱਧਰ ’ਤੇ ਨੈਤਿਕ ਆਦਰਸ਼ਾਂ ਅਤੇ ਵਿਸ਼ਵਾਸ ਦੀ ਆਜ਼ਾਦੀ ’ਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਕਰਨਾ, ਸ੍ਰੀ ਗੁਰੂ ਤੇਗ ਬਹਾਦਰ ਦੀ ਮਨੁੱਖਤਾ ਲਈ ਦਿੱਤੀ ਸ਼ਹਾਦਤ ਦਾ ਸਨਮਾਨ ਕਰਨਾ, ਦੇਸ਼ਾਂ ਨੂੰ ਨੈਤਿਕਤਾ ਆਧਾਰਿਤ ਫੈਸਲੇ ਕਰਨ ਲਈ ਪ੍ਰੇਰਿਤ ਕਰਨਾ ਅਤੇ ਸੰਯੁਕਤ ਰਾਸ਼ਟਰ ਦੇ ਸੰਵਿਧਾਨ ਵਿੱਚ ਦਿੱਤੇ ਨਿਆਂ, ਸਮਾਨਤਾ ਤੇ ਮਨੁੱਖੀ ਮਰਿਆਦਾ ਦੇ ਸਿੱਧਾਂਤਾਂ ਨੂੰ ਮਜ਼ਬੂਤ ਕਰਨਾ ਹੈ। ਇਹ ਦਿਹਾੜਾ ਸੰਸਾਰ ਨੂੰ ਹਰ ਸਾਲ ਨੈਤਿਕ ਹਿੰਮਤ, ਦਇਆ, ਸ਼ਾਂਤੀ ਅਤੇ ਮਨੁੱਖੀ ਕਦਰਾਂ-ਕੀਮਤਾਂ ਅਤੇ ਚਿੰਤਨ ਕਰਨ ਲਈ ਪ੍ਰੇਰਿਤ ਕਰੇਗਾ।
ਯੂਨੀਵਰਸਿਟੀ ਵੱਲੋਂ ਭੇਜੇ ਗਏ ਇਸ ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤ ਨਾਲ ਨਾ ਸਿਰਫ਼ ਹਿੰਦੂ ਧਰਮ ਦੀ ਰਾਖੀ ਕੀਤੀ ਸੀ, ਸਗੋਂ ਪੂਰੀ ਮਨੁੱਖ ਜਾਤੀ ਲਈ ਧਾਰਮਿਕ ਆਜ਼ਾਦੀ ਅਤੇ ਵਿਚਾਰਾਂ ਦੀ ਰੱਖਿਆ ਦਾ ਸੁਨਹਿਰੀ ਅਧਿਆਏ ਲਿਖਿਆ ਹੈ। ਇਸੇ ਲਈ ਯੂਨੀਵਰਸਿਟੀ ਦਾ ਯੂ ਐੱਨ ਨੂੰ ਪ੍ਰਸਤਾਵ ਹੈ ਕਿ ਇਸ ਦਿਨ ਨੂੰ ਵਿਸ਼ਵ-ਵਿਆਪੀ ਭਾਈਚਾਰੇ ਦੀ ਮਜ਼ਬੂਤੀ ਲਈ ‘ਸਰਬੱਤ ਦਾ ਭਲਾ’ ਵਾਲੀ ਸੋਚ ਦੇ ਪ੍ਰਤੀਕ ਦੇ ਰੂਪ ਵਿਚ “ਨੈਤਿਕ ਚੇਤਨਾ ਦਿਵਸ” ਵਜੋਂ ਵਿਸ਼ਵ ਪੱਧਰ ’ਤੇ ਮਨਾਉਣਾ ਚਾਹੀਦਾ ਹੈ। ਯੂਨੀਵਰਸਿਟੀ ਸੰਯੁਕਤ ਰਾਸ਼ਟਰ ਅੱਗੇ ਅਜਿਹਾ ਪ੍ਰਸਤਾਵ ਰੱਖਣ ਵਾਲੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਹੈ।
ਯੂਨੀਵਰਸਿਟੀ ਨੇ ਪ੍ਰਸਤਾਵ ਨੂੰ ਸੰਯੁਕਤ ਰਾਸ਼ਟਰ ਤਕ ਪਹੁੰਚਾਉਣ ਲਈ ਜਸਪ੍ਰੀਤ ਸਿੰਘ, ਅਟਾਰਨੀ ਆਫ਼ ਲਾਅ (ਨਿਊਯਾਰਕ) ਅਤੇ ਪ੍ਰੋਫੈਸਰ ਆਫ਼ ਐਮੀਨੈਂਸ ਨੂੰ ਅਧਿਕਾਰਤ ਵਜੋਂ ਨਿਯੁਕਤ ਕੀਤਾ ਹੈ।
ਯੂਨੀਵਰਸਿਟੀ ਨੇ ਪ੍ਰਸਤਾਵ ਅਤੇ ਐਲਾਨਨਾਮੇ ਦੀਆਂ ਕਾਪੀਆਂ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ, ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਭੇਜੀਆਂ ਹਨ, ਤਾਂ ਜੋ ਇਸ ਪਹਿਲ ਨੂੰ ਰਾਸ਼ਟਰੀ ਪੱਧਰ ’ਤੇ ਵੀ ਸੰਸਥਾਗਤ ਸਮਰਥਨ ਅਤੇ ਮਾਨਤਾ ਮਿਲੇ। ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ 24 ਅਕਤੂਬਰ ਨੂੰ 'ਨੈਤਿਕ ਚੇਤਨਾ ਦਿਵਸ' ਵਜੋਂ ਮਨਾਉਣ ਨਾਲ ਗੁਰੂ ਸਾਹਿਬ ਦੇ ਸਰਬ ਵਿਆਪੀ ਸੁਨੇਹੇ ਨੂੰ ਸੰਸਾਰਕ ਪੱਧਰ ’ਤੇ ਫੈਲਾਉਣ ਦਾ ਮੌਕਾ ਮਿਲੇਗਾ ਅਤੇ ਵਿਸ਼ਵ ਭਰ ਵਿੱਚ ਮਨੁੱਖੀ ਅਧਿਕਾਰ, ਨੈਤਿਕ ਹਿੰਮਤ ਅਤੇ ਸ਼ਾਂਤੀ ਲਈ ਨਵਾਂ ਜਜ਼ਬਾ ਪੈਦਾ ਹੋਵੇਗਾ।
