ਗੜ੍ਹਸ਼ੰਕਰ ਨੂੰ ਨਵੇਂ ਜ਼ਿਲ੍ਹੇੇ ’ਚ ਸ਼ਾਮਲ ਨਾ ਕਰਨ ਦੀ ਅਪੀਲ
ਪਿਛਲੇ ਕਈ ਦਿਨਾਂ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਬਣਾਏ ਜਾਣ ਦੀਆਂ ਚੱਲ ਰਹੀਆਂ ਚਰਚਾਵਾਂ ਨਾਲ ਇਲਾਕੇ ਦੀ ਸਿਆਸਤ ਭਖ਼ ਗਈ ਹੈ। ਵਿਰੋਧੀ ਪਾਰਟੀਆਂ ਵੱਲੋਂ ਸਰਬ ਪਾਰਟੀ ਮੀਟਿੰਗਾਂ ਕਰਕੇ ਗੜ੍ਹਸ਼ੰਕਰ ਨੂੰ ਨਵੇਂ ਬਣਾਏ ਜਾ ਰਹੇ ਜ਼ਿਲ੍ਹੇ ਆਨੰਦਪੁਰ ਸਾਹਿਬ ਵਿੱਚ ਸ਼ਾਮਲ ਕਰਨ ਦੀਆਂ ਸਰਕਾਰ ਵਲੋਂ ਬਣ ਰਹੀਆਂ ਤਜਵੀਜ਼ਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਵੱਖ-ਵੱਖ ਸਿਆਸੀ ਪਾਰਟੀਆਂ, ਵਪਾਰ ਮੰਡਲ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਾਮਰੇਡ ਦਰਸ਼ਨ ਸਿੰਘ ਮੱਟੂ ਦੀ ਅਗਵਾਈ ਹੇਠ ਐੱਸ ਡੀ ਐੱਮ ਗੜ੍ਹਸ਼ੰਕਰ ਸੰਜੀਵ ਕੁਮਾਰ ਨੂੰ ਮੰਗ ਪੱਤਰ ਸੌਂਪਿਆ। ਵਫ਼ਦ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਗੜ੍ਹਸ਼ੰਕਰ ਉਪ ਮੰਡਲ ਨੂੰ ਨਵੇਂ ਪ੍ਰਸਤਾਵਿਤ ਜ਼ਿਲ੍ਹਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਨਾ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਪ ਮੰਡਲ ਗੜ੍ਹਸ਼ੰਕਰ ਇਤਿਹਾਸਕ, ਪ੍ਰਸ਼ਾਸਕੀ ਅਤੇ ਆਰਥਿਕ ਤੌਰ ’ਤੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਅਟੁੱਟ ਅੰਗ ਹੈ ਜਦਕਿ ਗੜ੍ਹਸ਼ੰਕਰ ਨੂੰ ਆਨੰਦਪੁਰ ਨਾਲ ਜੋੜਨ ’ਤੇ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਹੋਵੇਗਾ, ਇਸ ਲਈ ਗੜ੍ਹਸ਼ੰਕਰ ਹਲਕੇ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਹੀ ਰਹਿਣ ਦਿੱਤਾ ਜਾਵੇ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵਪਾਰ ਮੰਡਲ ਗੜ੍ਹਸ਼ੰਕਰ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।
