ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੱਦਾ
ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ’ਤੇ ਸਭ ਨੂੰ ਵਧਾਈ ਦਿੰਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਹੀ ਵਿਅਕਤੀ ਆਪਣੇ ਜੀਵਨ ਨੂੰ ਖੁਸ਼ਹਾਲ ਬਣਾ ਸਕਦਾ ਹੈ। ਉਨ੍ਹਾਂ ਰਮਾਇਣ ਰਾਹੀਂ ਦੁਨੀਆ ਨੂੰ ਚੰਗੇ ਕਰਮ ਕਰਨ ਦੀ ਸਿੱਖਿਆ ਦਿੱਤੀ ਸੀ।
ਅੱਜ ਕੈਬਨਿਟ ਮੰਤਰੀ ਭਗਵਾਨ ਵਾਲਮੀਕਿ ਦੇ ਮੰਦਰ ਵਿਖੇ ਨਤਮਸਤਕ ਹੋਏ ਅਤੇ ਆਸ਼ੀਰਵਾਦ ਲਿਆ। ਉਨ੍ਹਾਂ ਕਿਹਾ ਕਿ ਸੰਸਕ੍ਰਿਤ ਦੇ ਪਹਿਲੇ ਕਵੀ ਭਗਵਾਨ ਵਾਲਮੀਕਿ ਦੀ ਅਮਰ ਰਚਨਾ ਮਹਾਨ ਮਹਾਂਕਾਵਿ ਰਾਮਾਇਣ ਰਹਿੰਦੀ ਦੁਨੀਆ ਤੱਕ ਲੁਕਾਈ ਨੂੰ ਸੱਚ ਦਾ ਰਾਹ ਦਿਖਾਉਂਦੀ ਰਹੇਗੀ। ਉਨ੍ਹਾਂ ਆਪਣੀਆਂ ਰਚਨਾਵਾਂ ਰਾਹੀਂ ਮਨੁੱਖਤਾ ਨੂੰ ਨੈਤਿਕ ਕਦਰਾਂ-ਕੀਮਤਾਂ ਤੇ ਮਾਨਵਤਾ ਦੀ ਭਲਾਈ ਦਾ ਰਾਹ ਦਿਖਾਉਂਦਿਆਂ ਨਿਰੋਏ ਸਮਾਜ ਦੀ ਸਿਰਜਣਾ ’ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਭਗਵਾਨ ਵਾਲਮੀਕਿ ਦਾ ਤਪ ਸਥਾਨ ਪੰਜਾਬ ਵਿੱਚ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਾਲਮੀਕਿ ਸਮਾਜ ਦੀ ਭਲਾਈ ਲਈ ਵਚਨਬੱਧ ਹੈ।
ਇਸ ਮੌਕੇ ਵੱਖ-ਵੱਖ ਭਜਨ ਮੰਡਲੀਆਂ ਵਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਵਿਧਾਇਕ ਜਸਬੀਰ ਸਿੰਘ ਸੰਧੂ, ਦਲਬੀਰ ਸਿੰਘ ਟੌਂਗ ਤੇ ਇੰਦਰਬੀਰ ਸਿੰਘ ਨਿੱਝਰ, ਚੇਅਰਮੈਨ ਨਗਰ ਸੁਧਾਰ ਟਰੱਸਟ ਕਰਮਜੀਤ ਸਿੰਘ ਰਿੰਟੂ, ਸੋਨੀਆ ਮਾਨ, ਡਾਇਰੈਕਟ ਰਵਿੰਦਰ ਹੰਸ ਨੇ ਸੰਗਤ ਨੂੰ ਸੰਬੋਧਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐੱਸਡੀਐੱਮ ਸੰਜੀਵ ਸ਼ਰਮਾ, ਸਤਪਾਲ ਸੋਖੀ, ਇੰਦਰਪਾਲ ਸਿੰਘ, ਮੁਖਵਿੰਦਰ ਸਿੰਘ ਵਿਰਦੀ, ਹਸਨਪ੍ਰੀਤ ਸਿੰਘ ਸਿਆਲਕਾ, ਪੱਲਵ ਸ੍ਰੇਸ਼ਠਾ, ਜਨਰਲ ਮੈਨੇਜਰ ਸ੍ਰੀ ਵਾਲਮੀਕਿ ਤੀਰਥ ਸਥਲ ਸੁਖਮਨਦੀਪ ਸਿੰਘ, ਸਤਿੰਦਰ ਸਿੰਘ ਅਤੇ ਰਵਲੀਨ ਕੌਰ ਹਾਜ਼ਰ ਸਨ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਮਲਸੀਆਂ, ਲੋਹੀਆਂ ਖਾਸ, ਕੋਟਲੀ ਗਾਜਰਾਂ, ਨਿਹਾਲੂਵਾਲ, ਮੀਏਂਵਾਲ ਅਰਾਈਆਂ ਤੇ ਮੌਲਵੀਆਂ, ਉੱਗੀ, ਟੁੱਟ ਕਲਾਂ, ਢੰਡੋਵਾਲ, ਨੰਗਲ ਅੰਬੀਆਂ, ਬਾਜਵਾ ਕਲਾਂ ਤੇ ਖੁਰਦ, ਪਰਜੀਆਂ ਕਲਾਂ ਤੇ ਖੁਰਦ, ਬਾਹਮਣੀਆਂ, ਲਸੂੜੀ, ਮਾਣਕ, ਗਿੱਦੜਪਿੰਡੀ, ਮੱਲੀਆਂ ਕਲਾਂ ਤੇ ਖੁਰਦ, ਗਿੱਲ, ਸਾਦਿਕਪੁਰ, ਤਲਵੰਡੀ ਸੰਘੇੜਾ, ਸੋਹਲ ਜਗੀਰ, ਕੋਟਲਾ ਸੂਰਜਮੱਲ, ਸੀਚੇਵਾਲ, ਤਲਵੰਡੀ ਮਾਧੋ, ਕੁਲਾਰ, ਮੂਲੇਵਾਲ ਖਹਿਰਾ, ਅਰਾਈਆਂ ਤੇ ਬ੍ਰਾਹਮਣਾਂ ਅਤੇ ਮੁਰੀਦਵਾਲ ’ਚ ਭਗਵਾਨ ਵਾਲਮੀਕਿ ਜੈਅੰਤੀ ਮਨਾਈ ਗਈ। ਪਿੰਡਾਂ ਵਿਚ ਭਗਵਾਨ ਵਾਲਮੀਕਿ ਦੇ ਮੰਦਿਰ ਬਹੁਤ ਹੀ ਸੁੰਦਰ ਢੰਗ ਨਾਲ ਸਜਾਏ ਗਏ ਸਨ। ਮੰਦਿਰਾਂ ਵਿੱਚ ਰਮਾਇਣ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਧਾਰਮਿਕ, ਸਮਾਜਿਕ ਅਤੇ ਸਿਆਸੀ ਆਗੂਆਂ ਨੇ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਇਲਾਕਾ ਵਾਸੀਆਂ ਨੂੰ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੰਦੇਸ਼ ਦਿੱਤਾ।
ਪਠਾਨਕੋਟ (ਐੱਨਪੀ ਧਵਨ): ਇੱਥੇ ਅੱਜ ਭਗਵਾਨ ਵਾਲਮੀਕਿ ਦੀ ਜੈਅੰਤੀ ਮਨਾਈ ਗਈ। ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਅਭਯਮ ਸ਼ਰਮਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਅਤੇ ਆਦਮੀ ਪਾਰਟੀ ਦੇ ਯੂਥ ਆਗੂ ਅਭੀ ਸ਼ਰਮਾ ਨੇ ਭਗਵਾਨ ਵਾਲਮੀਕਿ ਦੀ ਮੂਰਤੀ ਅਗੇ ਮੱਥਾ ਟੇਕਿਆ। ਇਸ ਮੌਕੇ ਕੌਂਸਲਰ ਰਜਤ ਸ਼ਰਮਾ, ਸਾਗਰ ਭੱਟੀ, ਅਨੁਜ ਮਲਹੋਤਰਾ ਹਾਜ਼ਰ ਸਨ। ਐਡਵੋਕੇਟ ਅਭਯਮ ਸ਼ਰਮਾ ਨੇ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦਾ ਸੱਦਾ ਦਿੱਤਾ।
ਭਾਈਚਾਰਕ ਸਾਂਝ ਬਣਾਈ ਰੱਖਣ ਦੀ ਲੋੜ: ਵਿਧਾਇਕ
ਬਟਾਲਾ (ਦਲਬੀਰ ਸਿੰਘ ਸੱਖੋਵਾਲੀਆ): ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਕਰਵਾਏ ਸਮਾਗਮ ਵਿੱਚ ‘ਆਪ’ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਹਾਜ਼ਰ ਸੰਗਤ ਨੂੰ ਕਿਹਾ ਕਿ ਭਗਵਾਨ ਵਾਲਮੀਕਿ ਦੇ ਉਪਦੇਸ਼ਾਂ ਤੇ ਸਿੱਖਿਆਵਾਂ ’ਤੇ ਚੱਲਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਵਿਧਾਇਕ ਸ਼ੈਰੀ ਕਲਸੀ ਨੇ ਲੋਕਾਂ ਨੂੰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਬਣਾਈ ਰੱਖੀਏ। ਇਸ ਮੌਕੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।