ਗ਼ਲਤ ਜਾਣਕਾਰੀ ਦੇ ਆਧਾਰ ’ਤੇ ਜਾਤੀ ਸਰਟੀਫਿਕੇਟ ਬਣਾਉਣ ਦੇ ਦੋਸ਼
ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਪਿੰਡ ਰਾਮਪੁਰ ਲਲੀਆਂ ਵਿੱਚ ਕਥਿਤ ਗ਼ਲਤ ਦਸਤਾਵੇਜ਼ ਦੇ ਆਧਾਰ ’ਤੇ ਜਾਤੀ ਸਰਟੀਫਿਕੇਟ ਬਣਾਉਣ ਲਈ ਦਿੱਤੀ ਦਰਖ਼ਾਸਤ ’ਤੇ ਸਰਪੰਚ ਅਤੇ ਪਟਵਾਰੀ ਵੱਲੋਂ ਇਤਰਾਜ਼ ਲਗਾਉਣ ਦੇ ਬਾਵਜੂਦ ਤਹਿਸੀਲਦਾਰ ਨੇ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਸੀ ਜਲੰਧਰ ਨੂੰ ਸ਼ਿਕਾਇਤ ਭੇਜ ਦਿੱਤੀ ਹੈ।
ਐੱਸਸੀ ਕਮਿਸ਼ਨ ਦੇ ਸਾਬਕਾ ਮੈਂਬਰ ਤੇ ਪਿੰਡ ਰਾਮਪੁਰ ਦੇ ਸਰਪੰਚ ਪ੍ਰਭ ਦਿਆਲ ਨੇ ਦੱਸਿਆ ਕਿ ਪਿੰਡ ਵਿੱਚ ਕਿਸੇ ਦੇ ਖੂਹ ’ਤੇ ਰਹਿੰਦ ਪਰਵਾਸੀ ਬਲਵਿੰਦਰ ਕੁਮਾਰ ਪੁੱਤਰ ਜੀਤ ਰਾਮ ਨੇ ਆਪਣਾ ਜਾਤੀ ਸਰਟੀਫਿਕੇਟ ਬਣਾਉਣ ਲਈ ਆਨਲਾਈਨ ਅਪਲਾਈ ਕੀਤਾ ਸੀ। ਈ ਸੇਵਾ ਪੋਰਟਲ ਰਾਹੀਂ ਜਦੋਂ ਉਨ੍ਹਾਂ ਕੋਲ ਤਸਦੀਕ ਲਈ ਦਰਖਾਸਤ ਆਈ ਤਾਂ ਉਨ੍ਹਾਂ ਨੇ ਉਸ ਵਿਅਕਤੀ ਨੂੰ ਪਿੰਡ ਦਾ ਪੱਕਾ ਵਸਨੀਕ ਨਾ ਹੋਣ ਅਤੇ ਬਾਹਰਲੇ ਸੂਬੇ ਤੋਂ ਆਏ ਹੋਣ ਕਰ ਕੇ ਸਰਟੀਫਿਕੇਟ ਬਣਾਉਣ ਲਈ ਦਿੱਤੀ ਦਰਖ਼ਾਸਤ ’ਤੇ ਇਤਰਾਜ਼ ਲਗਾ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਇਸ ਉਪਰੰਤ ਹਲਕਾ ਪਟਵਾਰੀ ਵੱਲੋਂ ਵੀ ਪਿੰਡ ਦਾ ਪੱਕਾ ਵਸਨੀਕ ਨਾ ਹੋਣ ਕਰ ਕੇ ਇਤਰਾਜ਼ ਲਗਾਇਆ ਗਿਆ ਸੀ। ਦੋ ਦਿਨਾਂ ਉਪਰੰਤ ਤਹਿਸੀਲਦਾਰ ਪਰਵੀਨ ਕੁਮਾਰ ਸਿੰਗਲਾ ਨੇ ਸਰਪੰਚ ਅਤੇ ਪਟਵਾਰੀ ਦੀ ਰਿਪੋਰਟ ਨੂੰ ਅਣਦੇਖਿਆ ਕਰਦਿਆਂ ਸਿਰਫ਼ ਸਵੈ-ਘੋਸ਼ਣਾ ਪੱਤਰ ਨੂੰ ਆਧਾਰ ਮੰਨ ਕੇ ਜਾਤੀ ਸਰਟੀਫਿਕੇਟ ਜਾਰੀ ਕਰ ਦਿੱਤਾ।
ਸਰਪੰਚ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਉਨ੍ਹਾਂ ਡੀਸੀ ਜਲੰਧਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੇ ਕੇ ਤਹਿਸੀਲਦਾਰ ਅਤੇ ਹੋਰ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜਾਂਚ ਕਰ ਕੇ ਕਾਰਵਾਈ ਕਰਾਂਗਾ: ਤਹਿਸੀਲਦਾਰ
ਤਹਿਸੀਲਦਾਰ ਪ੍ਰਵੀਨ ਕੁਮਾਰ ਸਿੰਗਲਾ ਨੇ ਸਰਟੀਫਿਕੇਟ ਜਾਰੀ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਿ ਉਹ ਜਾਰੀ ਹੋਏ ਸਰਟੀਫਿਕੇਟ ਦੀ ਜਾਂਚ ਕਰ ਕੇ ਅਗਲੀ ਕਾਰਵਾਈ ਕਰਨਗੇ।