ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ: ਪੰਨੂ
‘ਆਪ’ ਦੇ ਹਲਕਾ ਫ਼ਤਹਿਗੜ੍ਹ ਚੂੜੀਆ ਦੇ ਇੰਚਾਰਜ ਬਲਬੀਰ ਸਿੰਘ ਪੰਨੂ ਨੇ ਪਿੰਡ ਅਕਰਪੁਰਾ ਤੋਂ ਕਲਾਰ ਤੱਕ ਤਿੰਨ ਕਿਲੋਮੀਟਰ ਸੜਕ ਦਾ ਨੀਂਹ ਪੱਥਰ ਰੱਖਿਆ। ਇਸੇ ਤਰ੍ਹਾਂ ਉਨ੍ਹਾਂ ਪਿੰਡ ਨੰਗਲ ਦੀ ਫਿਰਨੀ ਦਾ ਵੀ ਨੀਂਹ ਪੱਥਰ ਰੱਖਿਆ ਗਿਆ। ਇਨ੍ਹਾਂ ਸੜਕਾਂ ’ਤੇ ਕ੍ਰਮਵਾਰ 48 ਤੇ 16 ਲੱਖ ਰੁਪਏ ਖ਼ਰਚ ਆਉਣਗੇ। ਸ੍ਰੀ ਪਨੂੰ ਨੇ ਆਖਿਆ ਕਿ ਉਹ ਹਲਕੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ। ਇਸ ਮੌਕੇ ’ਤੇ ਹਲਕਾ ਸੰਗਠਨ ਇੰਚਾਰਜ ਗਗਨਦੀਪ ਪੰਨੂ, ਹਲਕਾ ਯੂਥ ਪ੍ਰਧਾਨ ਗੁਰਵਿੰਦਰ ਕਾਦੀਆਂ, ਬਲਾਕ ਪ੍ਰਧਾਨ ਰਘਬੀਰ ਸਿੰਘ, ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ, ਬਲਾਕ ਪ੍ਰਧਾਨ ਮਲਜਿੰਦਰ ਸਿੰਘ, ਬਲਾਕ ਪ੍ਰਧਾਨ ਦਲਵਿੰਦਰ ਸਿੰਘ, ਬਲਾਕ ਪ੍ਰਧਾਨ ਹਰਦੀਪ ਸਿੰਘ, ਸਰਪੰਚ ਗੁਰਸੇਵਕ ਸਿੰਘ ਅਕਰਪੁਰਾ ਕਲਾਂ, ਸਰਪੰਚ ਹਰਜੀਤ ਸਿੰਘ ਅਕਰਪੁਰਾ ਖੁਰਦ, ਸਰਪੰਚ ਜਗਰੂਪ ਸਿੰਘ ਕੁਲਾਰ ਸਮੇਤ ਹੋਰ ਹਾਜ਼ਰ ਸਨ।
ਐੱਸ ਸੀ ਬੀ ਸੀ ਫੈੱਡਰੇਸ਼ਨ ਦੀ ਬੈਠਕ
ਦਸੂਹਾ: ਗਜ਼ਟਿਡ ਅਤੇ ਨਾਨ-ਗਜ਼ਟਿਡ ਐੱਸ ਸੀ ਬੀ ਸੀ ਐਂਪਲਾਈਜ਼ ਵੈੱਲਫ਼ੇਅਰ ਫੈੱਡਰੇਸ਼ਨ ਦੀ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਧੁੱਗਾ ਅਤੇ ਵਧੀਕ ਪ੍ਰਧਾਨ ਬਲਜੀਤ ਸਿੰਘ ਦੀ ਅਗਵਾਈ ਹੇਠ ਹੰਗਾਮੀ ਬੈਠਕ ਹੋਈ। ਬੈਠਕ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ ਆਰ ਗਵਈ ’ਤੇ ਹੋਏ ਹਮਲੇ ਨੂੰ ਭਾਰਤ ਦੇ ਸਮੁੱਚੇ ਦਲਿਤ ਵਰਗ ਦਾ ਅਪਮਾਨ ਅਤੇ ਦਲਿਤ ਪਛਾਣ ਨੂੰ ਮਿਟਾਉਣ ਦੀ ਸਾਜ਼ਿਸ਼ ਕਰਾਰ ਦਿੱਤਾ ਗਿਆ। ਸ੍ਰੀ ਧੁੱਗਾ ਨੇ ਕਿਹਾ ਕਿ ਚੀਫ ਜਸਟਿਸ ਦਾ ਦਲਿਤ ਵਿਰੋਧੀ ਮਨੂੰਵਾਦੀ ਵਕੀਲ ਵੱਲੋਂ ਸੁਪਰੀਮ ਕੋਰਟ ਵਿੱਚ ਕੀਤਾ ਅਪਮਾਨ ਨਿੰਦਣਯੋਗ ਹੈ। ਬਲਜੀਤ ਸਿੰਘ ਸਣੇ ਹੋਰਨਾਂ ਅਹੁਦੇਦਾਰਾਂ ਤੇ ਮੈਂਬਰਾਂ ਨੇ ਇਸ ਦੀ ਨਿਖੇਧੀ ਕਰਦਿਆਂ ਵਕੀਲ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਪ੍ਰਿੰਸੀਪਲ ਸ਼ਿਵ ਸਿੰਘ ਬੰਗੜ, ਤਹਿਸੀਲ ਪ੍ਰਧਾਨ ਜਰਨੈਲ ਸਿੰਘ, ਤਹਿਸੀਲ ਮੁਕੇਰੀਆਂ ਤੋਂ ਪ੍ਰਧਾਨ ਲਖਵੀਰ ਸਿੰਘ, ਤਹਿਸੀਲ ਟਾਂਡਾ ਤੋਂ ਕੁਲਵੰਤ ਸਿੰਘ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ
ਸੇਂਟ ਕਬੀਰ ਸਕੂਲ ਦੇ ਦੋ ਅਧਿਆਪਕ ਸਨਮਾਨੇ
ਧਾਰੀਵਾਲ: ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੋ ਅਧਿਆਪਕਾਂ ਜਸਵਿੰਦਰ ਕੌਰ ਅਤੇ ਦਮਨਬੀਰ ਸਿੰਘ ਨੂੰ ਗੁਰਦਾਸਪੁਰ ਸਹੋਦਿਆ ਸਕੂਲ ਕੰਪਲੈਕਸ ਵੱਲੋਂ ‘ਡਾਕਟਰ ਰਾਧਾ ਕ੍ਰਿਸ਼ਨਨ ਐਵਾਰਡ ਫਾਰ- ਐਕਸੀਲੈਂਸ 2025-26’ ਦੇ ਖਿਤਾਬ ਨਾਲ ਸਨਮਾਨਿਆ ਗਿਆ। ਇਨ੍ਹਾਂ ਅਧਿਆਪਕਾਂ ਦਾ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਐੱਸ ਬੀ ਨਾਈਅਰ, ਸਕੂਲ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਸਣੇ ਸਮੂਹ ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਵੱਲੋਂ ਸਵਾਗਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਐੱਸ ਕੇ ਮਿਸ਼ਰਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦੋਂਕਿ ਗੁਰਦਾਸਪੁਰ ਸਹੋਦਿਆ ਸਕੂਲ ਕੰਪਲੈਕਸ ਦੇ ਪ੍ਰਧਾਨ ਪ੍ਰਿੰਸੀਪਲ ਐੱਸ ਬੀ ਨਾਈਅਰ, ਵਾਈਸ ਪ੍ਰਧਾਨ ਪ੍ਰਿੰਸੀਪਲ ਬਰਿੰਦਰ ਕੌਰ, ਸੈਕਟਰੀ ਪ੍ਰਿੰਸੀਪਲ ਰਾਜੀਵ ਭਾਰਤੀ ਆਦਿ ਸ਼ਾਮਲ ਸਨ। -ਪੱਤਰ ਪ੍ਰੇਰਕ
ਦਸੂਹਾ ਦੇ ਹਰਕਿਸ਼ਨ ਸਿੰਘ ਨੇ ਦੋ ਤਗ਼ਮੇ ਜਿੱਤੇ
ਦਸੂਹਾ: ਮਿਲਖਾ ਸਿੰਘ ਮਾਸਟਰ ਅਥਲੈਟਿਕਸ ਕਲੱਬ ਪੰਜਾਬ ਵੱਲੋਂ ਬਠਿੰਡਾ ਵਿੱਚ ਕਰਵਾਈ ਸੂਬਾ ਪੱਧਰੀ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਸਥਾਨਕ ਮੋਤੀ ਨਗਰ ਦੇ ਬਜ਼ੁਰਗ ਅਥਲੀਟ ਹਰਕ੍ਰਿਸ਼ਨ ਸਿੰਘ (69) ਨੇ ਦੋ ਤਗ਼ਮੇ ਜਿੱਤ ਕੇ ਦਸੂਹਾ ਦਾ ਨਾਂਅ ਰੋਸ਼ਨ ਕੀਤਾ ਹੈ। ਹਰਕਿਸ਼ਨ ਸਿੰਘ ਨੇ 65 ਪਲੱਸ ਉਮਰ ਵਰਗ ਦੀ ਲੰਬੀ ਛਾਲ ਵਿੱਚ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਤੇ 100 ਮੀਟਰ ਦੌੜ ਵਿੱਚ ਦੂੁਜਾ ਸਥਾਨ ਹਾਸਲ ਕਰ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਉਨ੍ਹਾਂ ਦੱਸਿਆ ਕਿ ਉਹ ਹਰ ਰੋਜ਼ ਸਵੇਰੇ ਅਭਿਆਸ ਕਰਦੇ ਹਨ। -ਪੱਤਰ ਪ੍ਰੇਰਕ
ਸ਼ਹੀਦੀ ਪੁਰਬ ਨੂੰ ਸਮਰਪਿਤ ਸੈਮੀਨਾਰ
ਬਟਾਲਾ: ਇੱਥੋਂ ਦੇ ਐੱਸ ਐੱਲ ਬਾਵਾ ਡੀ ਏ ਵੀ ਕਾਲਜ ’ਚ ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ ਦੀ ਅਗਵਾਈ ਹੇਠ ਗੁਰੂ ਤੇਗ਼ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਹ ਸਮਾਗਮ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਵੰਤ ਸਿੰਘ ਦੀ ਦੇਖ-ਰੇਖ ਹੇਠ ਹੋਇਆ। ਪ੍ਰਿੰਸੀਪਲ ਨੇ ਗੁਰੂ ਜੀ ਦੀ ਸ਼ਹੀਦੀ ਬਾਰੇ ਜਾਣਕਾਰੀ ਦਿੱਤੀ। ਡਾ. ਗੁਰਵੰਤ ਸਿੰਘ ਨੇ ਗੁਰੂ ਜੀ ਦੀ ਬਾਣੀ ਤੇ ਸਿੱਖਿਆਵਾਂ ਉੱਪਰ ਵਿਚਾਰ ਪੇਸ਼ ਕੀਤੇ। ਪ੍ਰੋ. ਕੁਲਵਿੰਦਰ ਕੌਰ ਨੇ ਗੁਰੂ ਜੀ ਦੇ ਜੀਵਨ ਤੇ ਸ਼ਹਾਦਤ ਬਾਰੇ ਪੇਪਰ ਪੜਿ੍ਹਆ। ਡੀਨ ਵਿਦਿਆਰਥੀ ਭਲਾਈ ਪ੍ਰੋ. ਸੁਨੀਲ ਜੇਤਲੀ ਨੇ ਵਿਚਾਰ ਰੱਖੇ। ਇਸ ਮੌਕੇ ਡਾ. ਵਨੀਤ ਕੁਮਾਰ ਤੇ ਪ੍ਰੋ. ਰਵਨੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਗੋਪਾਲ ਅਸ਼ਟਮੀ ਸਬੰਧੀ ਸਮਾਗਮ 30 ਨੂੰ
ਪਠਾਨਕੋਟ: ਗਊ ਸੇਵਾ ਸਮਿਤੀ ਦੇ ਪ੍ਰਧਾਨ ਵਿਜੇ ਪਾਸੀ ਦੀ ਅਗਵਾਈ ਹੇਠ ਗੋਪਾਲ ਧਾਮ ਗਊਸ਼ਾਲਾ ਵਿੱਚ ਗੋਪਾਲ ਅਸ਼ਟਮੀ ਦਾ ਤਿਉਹਾਰ 30 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਬਾਰੇ ਕਾਰਡ ਹਿੰਦੂ ਸਹਿਕਾਰੀ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ ਨੇ ਜਾਰੀ ਕੀਤਾ। ਇਸ ਸਮੇਂ ਮਹਿਲਾ ਵਿੰਗ ਦੀ ਪ੍ਰਧਾਨ ਨੀਲਮ ਸੈਣੀ, ਚੇਅਰਪਰਸਨ ਰੰਜਨਾ ਮਹਾਜਨ, ਉਪ-ਪ੍ਰਧਾਨ ਨਿਸ਼ਾ ਸੈਣੀ, ਓਮ ਪ੍ਰਕਾਸ਼, ਅਰੁਣ ਭਸੀਨ, ਪ੍ਰੇਮ ਗਰਗ, ਮਨਮੋਹਨ ਕਾਲਾ, ਰਾਜਨ ਗੁਪਤਾ, ਲਾਭ ਸਿੰਘ, ਇੰਦਰਜੀਤ ਸ਼ਰਮਾ, ਗਰੀਬ ਦਾਸ, ਸੰਤੋਸ਼ ਮਹਾਜਨ, ਡਾ. ਐੱਮ ਐੱਲ ਅੱਤਰੀ, ਸੰਯੋਗਤਾ ਸ਼ਰਮਾ, ਪ੍ਰਭਾ ਮਹਾਜਨ, ਰਜਨੀ ਛਾਬੜਾ ਆਦਿ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ