ਕਤਲ ਮਾਮਲੇ ਵਿੱਚ ਸਾਰੇ ਮੁਲਜ਼ਮ ਕਾਬੂ
ਥਾਣਾ ਇਸਲਾਮਾਬਾਦ ਦੇ ਖੇਤਰ ਹੇਠ ਆਉਂਦੇ ਕਿਸ਼ਨ ਕੋਟ ਨੀਵੀ ਆਬਾਦੀ ਵਿੱਚ ਹੋਏ ਕਤਲ ਕਾਂਡ ਦੇ ਮਾਮਲੇ ਵਿੱਚ ਪੁਲੀਸ ਨੇ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲੈਣ ਦਾ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਇੱਥੇ ਨੀਵੀ ਆਬਾਦੀ ਵਿੱਚ ਨੌਜਵਾਨ ਵਿੱਕੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧ ਵਿੱਚ ਪੁਲੀਸ ਨੇ ਨਰਿੰਦਰ ਕੁਮਾਰ ਉਰਫ ਗੋਲੂ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਹੁਣ ਪੁਲੀਸ ਨੇ ਨਰਿੰਦਰ ਕੁਮਾਰ ਉਰਫ ਗੋਲੂ ਦੀ ਪਤਨੀ ਪਾਇਨਾ, ਉਸ ਦੀ ਬੇਟੀ ਗੋਰੀ ਅਤੇ ਪੁੱਤਰ ਭਾਵਿਕ ਪੰਨਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕੋਲੋਂ ਕਤਲ ਵਾਸਤੇ ਵਰਤੀ ਗਈ ਤਲਵਾਰ ਵੀ ਬਰਾਮਦ ਕੀਤੀ ਗਈ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਮਮਤਾ ਰਾਣੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਸ ਨੇ ਦੋਸ਼ ਲਾਇਆ ਸੀ ਕਿ ਨਰਿੰਦਰ ਕੁਮਾਰ ਉਰਫ ਗੋਲੂ ਸਮੇਤ ਉਸ ਦੀ ਪਤਨੀ, ਬੇਟੇ ਅਤੇ ਬੇਟੀ ਵੱਲੋਂ ਉਸ ਦੇ ਪੁੱਤਰ ਵਿੱਕੀ ਨੂੰ ਘਰ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਕਮਿਸ਼ਨਰ ਵੱਲੋਂ ਇਸ ਮਾਮਲੇ ਵਾਸਤੇ ਟੀਮ ਬਣਾਈ ਗਈ ਸੀ, ਜਿਸ ਨੇ ਮੁਕਦਮੇ ਵਿੱਚ ਨਾਮਜ਼ਦ ਕੀਤੇ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ। ਦੱਸਣਯੋਗ ਹੈ ਕਿ ਮੁਲਜ਼ਮਾਂ ਦੋਸ਼ ਲਾਇਆ ਸੀ ਕਿ ਵਿੱਕੀ ਵੱਲੋਂ ਉਨ੍ਹਾਂ ਦੀ ਬੇਟੀ ਨਾਲ ਦੁਰਵਿਹਾਰ ਕੀਤਾ ਗਿਆ ਹੈ, ਜਦੋਂ ਕਿ ਮ੍ਰਿਤਕ ਤੇ ਪਰਿਵਾਰਿਕ ਮੈਂਬਰਾਂ ਨੇ ਦਸਿਆ ਸੀ ਕਿ ਵਿੱਕੀ ਅਤੇ ਨਰਿੰਦਰ ਕੁਮਾਰ ਦਾ ਬੇਟਾ ਦੋਵੇਂ ਦੋਸਤ ਹਨ ਅਤੇ ਕੁਝ ਦਿਨ ਪਹਿਲਾਂ ਹੀ ਉਹ ਸਾਰੇ ਵਿੱਕੀ ਨਾਲ ਵੈਸ਼ਨੋ ਦੇਵੀ ਦੀ ਯਾਤਰਾ ਕਰਕੇ ਪਰਤੇ ਹਨ।