ਮਨਦੀਪ ਸਿੰਘ ਦੇ ਹੱਕ ’ਚ ਡਟੀ ਅਕਾਲੀ ਦਲ ਪੁਨਰ ਸੁਰਜੀਤ
ਅੰਮ੍ਰਿਤਸਰ/ਤਰਨ ਤਾਰਨ (ਜਗਤਾਰ ਲਾਂਬਾ/ਗੁਰਬਖਸ਼ਪੁਰੀ): ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕੁਝ ਜਥੇਬੰਦੀਆ ਦੇ ਸਾਂਝੇ ਉਮੀਦਵਾਰ ਮਨਦੀਪ ਸਿੰਘ ਦੇ ਸਮਰਥਨ ਵਿੱਚ ਸ਼੍ਰੋੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਸਮੁੱਚੀ ਲੀਡਰਸ਼ਿਪ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪਾਰਟੀ ਆਗੂਆਂ ਤੇ ਵਰਕਰਾਂ ਨੇ ਹਲਕੇ ਦੇ ਸਾਰੇ ਬੂਥਾਂ ’ਤੇ ਆਪੋ-ਆਪਣੀ ਡਿਊਟੀ ਸਾਂਭ ਲਈ ਹੈ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅੱਜ ਵਿਧਾਨ ਸਭਾ ਹਲਕਾ ਤਰਨ ਤਾਰਨ ਪਹੁੰਚੇ, ਜਿੱਥੇ ਉਨ੍ਹਾਂ ਨੇ ਉਮੀਦਵਾਰ ਮਨਦੀਪ ਸਿੰਘ ਅਤੇ ਉਸ ਦੇ ਭਰਾ ਹਰਦੀਪ ਸਿੰਘ ਦੀ ਹਾਜ਼ਰੀ ਵਿੱਚ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ। ਸਾਬਕਾ ਜਥੇਦਾਰ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਲੜਾਈ ਪੰਥ ਤੇ ਪੰਥ ਵਿਰੋਧੀ ਧਿਰ ਸਮੇਤ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦਰਮਿਆਨ ਹੈ। ਤਰਨ ਤਾਰਨ ਉਹ ਹਲਕਾ ਹੈ, ਜਿਸ ਨੇ ਨਕਲੀ ਪੁਲੀਸ ਮੁਕਾਬਲਿਆਂ ਦਾ ਸਭ ਤੋਂ ਵੱਧ ਸੰਤਾਪ ਹੰਢਾਇਆ। ਪੰਜਾਬ ਦੀ ਕਾਨੂੰਨ ਵਿਵਸਥਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਅੱਜ ਸੂਬੇ ਦੇ ਲੋਕ ਗੈਂਗ ਵਾਰ ਦੇ ਸਾਏ ਹੇਠ ਜਿਊਣ ਲਈ ਮਜਬੂਰ ਹਨ । ਨਿਤ ਦਿਨ ਫ਼ਿਰੌਤੀਆਂ ਦੀ ਮੰਗ ਕੀਤੀ ਜਾ ਰਹੀ ਹੈ। ਦਿਨ-ਦਿਹਾੜੇ ਗੋਲੀਆਂ ਚੱਲ ਰਹੀਆਂ ਹਨ। ਨਸ਼ੇ ਦੀ ਦਲਦਲ ਹੇਠ ਪੰਜਾਬ ਦੀ ਜਵਾਨੀ ਫਸ ਚੁੱਕੀ ਹੈ। ਇਹ ਸਭ ਕੁਝ ਸਮੇਂ ਦੀਆ ਸਰਕਾਰਾਂ ਦੀ ਸਰਪ੍ਰਸਤੀ ਹੇਠ ਹੋਇਆ ਹੈ।
ਉਨ੍ਹਾਂ ਹਲਕੇ ਦੀ ਸੰਗਤ ਨੂੰ ਅਪੀਲ ਕੀਤੀ ਕਿ ਆਉਣ ਵਾਲੀ 11 ਨਵੰਬਰ ਨੂੰ ਮਨਦੀਪ ਸਿੰਘ ਦੇ ਹੱਕ ਵਿੱਚ ਆਪਣੀ ਵੋਟ ਪਾਕੇ ਪੰਥਕ ਏਕਤਾ ਅਤੇ ਪੰਥਕ ਸੋਚ ਨੂੰ ਜਿੱਤ ਦੇ ਰੂਪ ਵਿੱਚ ਬਦਲਣ। ਉਨ੍ਹਾਂ ਕਿਹਾ ਕਿ ਉਮੀਦਵਾਰ ਦੇ ਭਰਾ ਸੰਦੀਪ ਸਿੰਘ ਦੀ ਪੰਥ ਲਈ ਵੱਡੀ ਕੁਰਬਾਨੀ ਹੈ ਅਤੇ ਇਸ ਕੁਰਬਾਨੀ ਨੂੰ ਤਰਨ ਤਾਰਨ ਦੀ ਸੰਗਤ ਬਾਖੂਬੀ ਜਾਣਦੀ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸੁਰਜੀਤ ਸਿੰਘ ਰੱਖੜਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸੁੱਚਾ ਸਿੰਘ ਛੋਟੇਪੁਰ,ਭਾਈ ਮਨਜੀਤ ਸਿੰਘ , ਗਗਨਦੀਪ ਸਿੰਘ ਬਰਨਾਲਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਅਜੇਪਾਲ ਸਿੰਘ ਮੀਰਾਂਕੋਟ, ਜਸਬੀਰ ਸਿੰਘ ਘੁੰਮਣ, ਭੁਪਿੰਦਰ ਸਿੰਘ ਸ਼ੇਖੂਪੁਰ, ਬੀਬੀ ਰਣਜੀਤ ਕੌਰ ਤਲਵੰਡੀ, ਗੁਰਜੀਤ ਸਿੰਘ ਤਲਵੰਡੀ,ਰਘੁਬੀਰ ਸਿੰਘ ਰਾਜਾਸਾਂਸੀ, ਦਲਜਿੰਦਰ ਸਿੰਘ ਵਿਰਕ, ਜਗਜੀਤ ਸਿੰਘ ਕੋਹਲੀ ਤੇ ਹੋਰ ਆਗੂ ਹਾਜ਼ਰ ਸਨ।
