ਆਹਲੀ ਦੇ ਟੁੱਟੇ ਆਰਜ਼ੀ ਬੰਨ੍ਹ ਨੂੰ ਕੁਝ ਘੰਟਿਆਂ ’ਚ ਬੰਨ੍ਹਿਆ
ਮੰਡ ਇਲਾਕੇ ਵਿੱਚ ਆਹਲੀ ਖੁਰਦ ਨੇੜਿਉਂ ਪੌਣਾ ਕਿਲੋਮੀਟਰ ਲੰਮੇ ਟੁੱਟੇ ਆਰਜ਼ੀ ਬੰਨ੍ਹ ਨੂੰ ਅੱਜ ਘੰਟਿਆਂ ਵਿੱਚ ਹੀ ਬੰਨ੍ਹ ਦਿੱਤਾ ਗਿਆ ਹੈ। ਇਹ ਰਿੰਗ ਬੰਨ੍ਹ ਅੱਜ ਲੋਕਾਂ ਦੇ ਸਾਂਝੇ ਸਹਿਯੋਗ ਨਾਲ ਬੱਝ ਗਿਆ ਹੈ। ਇਹ ਬੰਨ੍ਹ ਟੁੱਟਣ ਨਾਲ ਮੰਡ ਇਲਾਕੇ ਵਿੱਚ ਲਗਭੱਗ 25 ਤੋਂ 30 ਹਜ਼ਾਰ ਏਕੜ ਝੋਨੇ ਦੀ ਫ਼ਸਲ ਤਬਾਹ ਹੋ ਗਈ ਸੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਬਾਅਦ ਦੁਪਹਿਰ ਰਿੰਗ ਬੰਨ੍ਹਣ ਦੀ ਸ਼ੁਰੂਆਤ ਕੀਤੀ ਸੀ। ਰਿੰਗ ਬੰਨ੍ਹ ਬੱਝਣ ਨਾਲ ਬਿਆਸ ਦਰਿਆ ਦਾ ਪਾਣੀ ਖੇਤਾਂ ਵੱਲ ਜਾਣ ਤੋਂ ਰੁਕ ਗਿਆ ਹੈ।
ਪਿੰਡ ਆਹਲੀ ਕਲਾਂ ਦੇ ਸਰਪੰਚ ਸਮਸ਼ੇਰ ਸਿੰਘ ਨੇ ਦੱਸਿਆ ਕਿ ਲੰਘੀ 24 ਅਗਸਤ ਨੂੰ ਆਹਲੀ ਖੁਰਦ ਨੇੜਿਉਂ ਇਹ ਆਰਜ਼ੀ ਬੰਨ੍ਹ ਟੁੱਟ ਗਿਆ ਸੀ। ਇਸ ਬੰਨ੍ਹ ਨੂੰ ਬਚਾਉਣ ਲਈ ਇਲਾਕੇ ਦੇ ਲੋਕ ਜੁਲਾਈ ਤੋਂ ਹੀ ਭਾਰੀ ਮੁਸ਼ਕੱਤ ਕਰ ਰਹੇ ਸਨ। ਜਦੋਂ 24 ਅਗਸਤ ਦੀ ਸਵੇਰ ਨੂੰ ਇਹ ਬੰਨ੍ਹ ਟੁੱਟਾ ਸੀ ਤਾਂ ਉੱਥੇ ਬੰਨ੍ਹ ਨੂੰ ਬਚਾਉਣ ਵਿੱਚ ਲੱਗੇ ਕਿਸਾਨਾਂ ਦੀਆਂ ਧਾਹਾਂ ਨਿਕਲ ਗਈਆਂ ਸਨ। ਬੰਨ੍ਹ ਟੁੱਟਣ ਦੀ ਵੀਡੀਓ ਏਨੀ ਤੇਜ਼ੀ ਨਾਲ ਵਾਈਰਲ ਹੋਈ ਸੀ ਕਿ ਪੰਜਾਬ ਸਮੇਤ ਦੁਨੀਆਂ ਭਰ ਵਿੱਚੋਂ ਹਮਦਰਦੀ ਦੇ ਸੁਨੇਹੇ ਆਉਣ ਲੱਗ ਪਏ ਸਨ ਤੇ ਲੋਕਾਂ ਨੇ ਬਿਨ੍ਹਾਂ ਕਿਸੇ ਦੀ ਉਡੀਕ ਕੀਤਿਆਂ ਬੰਨ੍ਹ ਨੂੰੰ ਬੰਨ੍ਹਣ ਵਾਸਤੇ ਮਿੱਟੀ ਦੀਆਂ ਟਰਾਲੀਆਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪਿੰਡ ਆਹਲੀ ਕਲਾਂ ਦੇ ਗੁਰਦੁਆਰਾ ਸਾਹਿਬ ਨੇੜੇ ਮਿੱਟੀ ਵੱਡੇ ਪੱਧਰ ’ਤੇ ਇੱਕਠੀ ਕੀਤੀ ਗਈ ਸੀ। ਸ਼ਮਸ਼ੇਰ ਸਿੰਘ ਅਤੇ ਜੱਥੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਹਾਲ ਦੀ ਘੜੀ ਰਿੰਗ ਬੰਨ੍ਹ ਬੰਨ੍ਹਿਆ ਗਿਆ ਹੈ।