ਐਡਵੋਕੇਟ ਧਾਮੀ ਤੇ ਗਿਆਨੀ ਰਘਬੀਰ ਸਿੰਘ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਅੱਜ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਹਾਲਾਤ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਹੜ੍ਹਾਂ ਕਾਰਨ ਨੁਕਸਾਨੇ ਘਰਾਂ ਦੀ ਸੰਪਰਦਾ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਵੱਲੋਂ ਮੁੜ ਉਸਾਰੀ ਦੇ ਸ਼ੁਰੂ ਕੀਤੇ ਜਾ ਰਹੇ ਕਾਰਜ ਦੀ ਆਰੰਭਤਾ ਕਰਵਾਈ। ਸੰਪਰਦਾ ਵਲੋਂ 100 ਲੋੜਵੰਦ ਪਰਿਵਾਰਾਂ ਦੇ ਘਰ ਤਿਆਰ ਕਰਨਾ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦਿਆਲ ਭੱਟੀ ਪਿੰਡ ਦੇ ਜੈਮਲ ਸਿੰਘ, ਜਿਸ ਦਾ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ, ਨੂੰ ਸ਼੍ਰੋਮਣੀ ਕਮੇਟੀ ਵੱਲੋਂ 50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਨੇ ਵਿਆਪਕ ਨੁਕਸਾਨ ਕੀਤਾ ਹੈ, ਜਿਸ ਨਾਲ ਬਹੁਤ ਸਾਰੇ ਲੋਕਾਂ ਦੇ ਘਰ ਢਹਿ ਗਏ ਹਨ। ਸ਼੍ਰੋਮਣੀ ਕਮੇਟੀ, ਸਿੱਖ ਸੰਸਥਾਵਾਂ ਅਤੇ ਸੰਪ੍ਰਦਾਵਾਂ ਸਮੇਤ ਜਥੇਬੰਦੀਆਂ ਤੇ ਸੁਸਾਇਟੀਆਂ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਈਆਂ ਹਨ। ਉਨ੍ਹਾਂ ਨੇ ਬਾਬਾ ਗੁਰਦੇਵ ਸਿੰਘ ਕੁੱਲੀ ਵਾਲਿਆਂ ਦੇ ਉਪਰਾਲਿਆਂ ਨੂੰ ਸਮਾਜਿਕ ਮਜ਼ਬੂਤੀ ਲਈ ਅਹਿਮ ਦੱਸਿਆ ਅਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਾਲਾਤ ਸੁਧਰਨ ਤੱਕ ਲੋੜਵੰਦਾਂ ਦੀ ਮਦਦ ਜਾਰੀ ਰੱਖੇਗੀ। ਉਨ੍ਹਾਂ ਪੰਜਾਬੀਆਂ ਦੀ ਇਕਜੁਟਤਾ ਅਤੇ ਹਮਦਰਦੀ ਦੀ ਸ਼ਲਾਘਾ ਕੀਤੀ।
ਪੰਜਾਬ ਨੂੰ ਆਫ਼ਤ ਤੋਂ ਉਭਰਨ ਲਈ ਹੋਰ ਮੁਆਵਜ਼ਾ ਦੇਵੇ ਕੇਂਦਰ: ਸੀ ਪੀ ਐੱਮ
ਅਜਨਾਲਾ (ਪੱਤਰ ਪ੍ਰੇਰਕ): ਸੀ ਪੀ ਆਈ (ਐੱਮ) ਦੇ ਵਫਦ ਨੇ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਅਮਰਾ ਰਾਮ ਅਤੇ ਵੀਜੂ ਕ੍ਰਿਸ਼ਨਨ ਦੀ ਅਗਵਾਈ ਹੇਠ ਅਜਨਾਲਾ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਅਜਨਾਲਾ ਵਿੱਚ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਕਾਮਰੇਡ ਅਮਰਾ ਰਾਮ ਨੇ ਕਿਹਾ ਕਿ ਪੰਜਾਬ ਦੇ ਹੜ੍ਹ ਕੁਦਰਤ ਕਰੋਪੀ ਕਾਰਨ ਨਹੀਂ ਆਏ ਸਗੋਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਾਲਾਇਕੀ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਨੂੰ 1600 ਕਰੋੜ ਦਾ ਰਾਹਤ ਪੈਕਜ ਕਾਫ਼ੀ ਘੱਟ ਹੈ। ਉਨ੍ਹਾਂ ਕੇਂਦਰ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਇਸ ਆਫ਼ਤ ਤੋਂ ਉਭਰਨ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਮੁਹਿੰਮ ਚਲਾ ਕੇ ਪੰਜਾਬ ਤੋਂ ਬਾਹਰ ਕੱਢਣ ਨੂੰ ਮੰਦਭਾਗਾ ਦੱਸਿਆ ਅਤੇ ਆਪਸੀ ਭਾਈਚਾਰਾ ਅਤੇ ਸਹਿਯੋਗ ਕਾਇਮ ਰੱਖਣ ਦੀ ਅਪੀਲ ਕੀਤੀ।
ਸੰਤ ਸੀਚੇਵਾਲ ਤੇ ਡੀ ਸੀ ਵੱਲੋਂ ਮੰਡਾਲਾ ਛੰਨਾ ਬੰਨ੍ਹ ਦਾ ਜਾਇਜ਼ਾ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਮੰਡਾਲਾ ਛੰਨਾ (ਲੋਹੀਆਂ ਖਾਸ) ਦੇ ਧੁੱਸੀ ਬੰਨ੍ਹ ਦੇ ਮਜ਼ਬੂਤੀਕਰਨ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦਿਆਂ ਇਸ ਕਾਰਜ ਵਿਚ ਜੁੱਟੇ ਲੋਕਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਸ ਮੌਕੇ ਉਨ੍ਹਾਂ ਉਕਤ ਪਿੰਡ ਦੇ ਚਾਰ ਪਰਿਵਾਰਾਂ ਨੂੰ ਮਕਾਨਾਂ ਦੇ ਹੋਏ ਨੁਕਸਾਨ ਲਈ 51-51 ਹਜ਼ਾਰ ਰੁਪਏ ਦੀ ਰਾਹਤ ਰਾਸ਼ੀ ਦੇ ਚੈੱਕ ਵੀ ਸੌਂਪੇ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿਚ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਨੂੰ ਹਰ ਸੰਭਵ ਮਦਦ ਪਹੁੰਚਾਉਣ ’ਚ ਜੁੱਟੀ ਹੋਈ ਹੈ। ਡੀ ਸੀ ਨੇ ਕਿਹਾ ਕਿ ਬੰਨ੍ਹ ਨੂੰ ਢਾਹ ਲੱਗਣ ਤੋਂ ਬਚਾਉਣ ਲਈ ਡਰੇਨੇਜ਼ ਵਿਭਾਗ ਦੇ ਅਧਿਕਾਰੀ, ਸਮਾਜ ਸੇਵੀ, ਪੁਲੀਸ ਦੇ ਜਵਾਨ ਅਤੇ ਆਮ ਲੋਕ ਦਿਨ/ਰਾਤ ਤਨਦੇਹੀ ਨਾਲ ਕੰਮ ਵਿਚ ਜੁੱਟੇ ਹੋਏ ਹਨ। ਇਸ ਮੌਕੇ ਐੱਸ ਡੀ ਐੱਮ ਸ਼ਾਹਕੋਟ ਸ਼ੁਭੀ ਆਂਗਰਾ, ਤਹਿਸੀਲਦਾਰ ਜਸਪਾਲ ਸਿੰਘ, ਡਰੇਨੇਜ਼ ਵਿਭਾਗ ਦੇ ਅਧਿਕਾਰੀ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਅਹੁਦੇਦਾਰ ਅਤੇ ‘ਆਪ’ ਆਗੂ ਪਿੰਦਰ ਪੰਡੋਰੀ ਮੌਜੂਦ ਸਨ।