ਹੜ੍ਹਾਂ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ: ਐੱਸਡੀਐੱਮ
ਐੱਸਡੀਐੱਮ ਸ਼ਾਹਕੋਟ ਸ਼ੁਭੀ ਆਂਗਰਾ ਨੇ ਗਿੱਦੜਪਿੰਡੀ ਦੇ ਪੁਲ ਤੋਂ ਲੈ ਕੇ ਮੁੰਡੀ ਕਾਲੂ, ਮੰਡਾਲਾ, ਨੱਲ੍ਹ, ਮੁੰਡੀ ਚੋਹਲੀਆਂ ਤੇ ਸ਼ਹਿਰੀਆਂ, ਮੰਡਾਲਾ ਛੰਨ੍ਹਾਂ, ਗੱਟਾ ਮੁੰਡੀ ਕਾਸੂ, ਚੱਕ ਬੁੰਡਾਲਾ, ਮਾਣਕ ਆਦਿ ਪਿੰਡਾਂ ਦੇ ਨਾਲ ਲੱਗਦੇ ਧੁੱਸੀ ਬੰਨ੍ਹਾਂ ਦਾ ਦੌਰਾ ਕੀਤਾ। ਉਨ੍ਹਾਂ ਬੰਨ੍ਹ ਕਿਨਾਰੇ ਵਸੇ ਲੋਕਾਂ ਨੂੰ ਚੌਕਸ ਕਰਦਿਆ ਕਿਹਾ ਕਿ ਹੜ੍ਹਾਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੀਂਹ ਅਤੇ ਡੈਮਾਂ ਤੋਂ ਵੱਖ-ਵੱਖ ਸਮੇਂ ’ਤੇ ਛੱਡੇ ਜਾ ਰਹੇ ਪਾਣੀ ਸਬੰਧੀ ਸਾਰੇ ਵਿਭਾਗਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਉੱਪਰ ਯਕੀਨ ਨਾ ਕਰਦੇ ਹੋਏ ਬੰਨ੍ਹਾਂ ਉੱਪਰ ਠੀਕਰੀ ਪਹਿਰੇ ਲਗਾ ਕੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਅਜੇ ਤੱਕ ਧੁੱਸੀ ਬੰਨ੍ਹ ਦੇ ਅੰਦਰਵਾਰ ਬੀਜੀਆਂ ਫਸਲਾਂ ਹੀ ਪਾਣੀ ਵਿਚ ਡੁੱਬੀਆਂ ਹਨ ਜਿਨ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਪਾਣੀ ਘਟਣ ਤੋਂ ਬਾਅਦ ਲਗਾਇਆ ਜਾ ਸਕਦਾ ਹੈ। ਇਸ ਮੌਕੇ ਤਹਿਸੀਲਦਾਰ ਜਸਪਾਲ ਸਿੰਘ ਬਾਜਵਾ,ਨਾਇਬ ਤਹਿਸੀਲਦਾਰ ਲੋਹੀਆਂ ਖਾਸ ਬਲਵਿੰਦਰ ਸਿੰਘ,ਡਰੇਨਜ਼ ਵਿਭਾਗ ਦੇ ਜੇ.ਈ ਸਾਹਿਲ ਅਤੇ ਕਾਨੂੰਗੋ ਕਮਲਜੀਤ ਸਿੰਘ ਅਤੇ ਤਲਵਿੰਦਰ ਸਿੰਘ ਸਨ।