ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕਪੂਰਥਲਾ ਦੇ ਬੰਨ੍ਹਾਂ ਦਾ ਦੌਰਾ
ਬਿਆਸ ਦਰਿਆ ’ਚ ਪਾਣੀ ਦਾ ਪੱਧਰ ਵਧਣ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਡਵਾਂਸ ਬੰਨ੍ਹਾਂ ਦੀ ਸੁਰੱਖਿਆ ਲਈ ਲਗਾਤਾਰ ਨਿਗਰਾਨੀ ਰੱਖਣ ਦੇ ਨਾਲ-ਨਾਲ ਕੁਝ ਕਮਜ਼ੋਰ ਥਾਵਾਂ ਉੱਪਰ ਬੰਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੱਥਰ ਤੇ ਪੱਕੀ ਮਿੱਟੀ ਦੇ ਭਰੇ ਬੋਰੇ ਲਾਉਣ ਦਾ ਕੰਮ ਜਾਰੀ ਹੈ।
ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ ਵੱਲੋਂ ਖਿਜਰਪੁਰ ਵਿੱਚ ਐਡਵਾਂਸ ਬੰਨ੍ਹ ’ਤੇ ਕਰਵਾਏ ਜਾ ਰਹੇ ਕੰਮ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹਤਿਆਤ ਵਜੋਂ ਸਾਰੇ ਬੰਨ੍ਹਾਂ ਉੱਪਰ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਰਾਤ ਵੇਲੇ ਵੀ (ਘੱਟੋ ਘੱਟ ਐੱਸਡੀਓ ਪੱਧਰ) ਦੀ ਅਗਵਾਈ ਹੇਠ ਗਸ਼ਤ ਕਰਨ ਦੇ ਹੁਕਮ ਹਨ।
ਉਨ੍ਹਾਂ ਦੱਸਿਆ ਕਿ ਪੌਂਗ ਡੈਮ ਤੋਂ ਬਿਆਸ ’ਚ ਪਾਣੀ ਛੱਡੇ ਜਾਣ ਤੇ ਬਿਆਸ ਦਰਿਆ ਦੇ ਕੈਚਮੈਂਟ ਖੇਤਰ ’ਚ ਪੈਂਦੇ ਚੋਆਂ ਤੇ ਬਰਸਾਤੀ ਨਾਲਿਆਂ ਰਾਹੀਂ ਆ ਰਹੇ ਪਾਣੀ ਬਾਰੇ ਡਰੇਨੇਜ਼ ਵਿਭਾਗ ਵਲੋਂ ਹਰ ਘੰਟੇ ਅਪਡੇਟ ਕੀਤੀ ਜਾ ਰਹੀ ਹੈ। ਡਰੇਨੇਜ਼ ਵਿਭਾਗ ਦੇ ਐਕਸੀਅਨ ਸਰਤਾਜ ਸਿੰਘ ਨੇ ਦੱਸਿਆ ਕਿ ਖਿਜ਼ਰਪੁਰ ਨੇਡੇ ਐਡਵਾਂਸ ਬੰਨ੍ਹ ’ਤੇ ਮਿੱਟੀ ਦੇ ਬੋਰੇ ਲਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋੜ ਅਨੁਸਾਰ ਪੱਥਰ ਦੇ ਕਰੇਟ ਬਣਾ ਕੇ ਕੰਢਿਆਂ ’ਤੇ ਲਗਾਉਣ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।