ਵਧੀਕ ਕਮਿਸ਼ਨਰ ਵੱਲੋਂ ਐਨੀਮਲ ਬਰਥ ਕੰਟਰੋਲ ਸੈਂਟਰ ਦਾ ਦੌਰਾ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਜੁਲਾਈ
ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਛੇਹਰਟਾ ਵਿੱਚ ਨਗਰ ਨਿਗਮ ਵੱਲੋਂ ਆਵਾਰਾ ਕੁਤਿਆਂ ਦੀ ਨਸਬੰਦੀ ਲਈ ਚਲਾਏ ਜਾ ਰਹੇ ਐਨੀਮਲ ਬਰਥ ਕੰਟਰੋਲ ਸੈਂਟਰ ਦਾ ਦੌਰਾ ਕੀਤਾ ਅਤੇ ਸੈਂਟਰ ’ਚ ਚਲ ਰਹੇ ਕੰਮ ਦੀ ਸਮੀਖਿਆ ਕੀਤੀ। ਨਗਰ ਨਿਗਮ ਵੱਲੋਂ ਨਰਾਇਣਗੜ੍ਹ ਛੇਹਰਟਾ ’ਚ ਆਵਾਰਾ ਕੁਤਿਆਂ ਦੀ ਨਸਬੰਦੀ ਲਈ ਐਨੀਮਲ ਬਰਥ ਕੰਟਰੋਲ ਸੈਂਟਰ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਰੋਜ਼ਾਨਾ ਸ਼ਹਿਰ ਦੇ ’ਚੋਂ ਆਵਾਰਾ ਕੁਤਿਆਂ ਨੂੰ ਲਿਆ ਕੇ ਉਨ੍ਹਾਂ ਦੀ ਨਸਬੰਦੀ ਕੀਤੀ ਜਾਂਦੀ ਹੈ। ਇਹ ਕੰਮ ਐਨੀਮਲ ਵੈਲਫੇਅਰ ਸੁਸਾਇਟੀ ਦੀ ਡਾ. ਅਨੀਤ ਛੀਨਾ ਵਲੋਂ ਕੀਤਾ ਜਾ ਰਿਹਾ ਹੈ। ਵਧੀਕ ਕਮਿਸ਼ਨਰ ਨੇ ਉਥੇ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਦੇ ਹਲ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿਤੀਆਂ। ਵਧੀਕ ਕਮਿਸ਼ਨਰ ਨੇ ਦੱਸਿਆ ਕਿ ਸੈਂਟਰ ਵਿੱਚ ਆਵਾਰਾ ਕੁਤਿਆਂ ਦੀ ਨਸਬੰਦੀ ਕੀਤੀ ਜਾਂਦੀ ਹੈ। ਨਿਗਮ ਵਲੋਂ 20,000 ਕੁੱਤਿਆਂ ਦੀ ਨਸਬੰਦੀ ਲਈ ਟੈਂਡਰ ਕੀਤਾ ਗਿਆ ਸੀ, ਜਿਸ ਦਾ ਕੰਮ ਐਨੀਮਲ ਵੈਲਫੇਅਰ ਸੁਸਾਇਟੀ ਦੀ ਡਾ. ਅਨੀਤ ਛੀਨਾ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸੈਂਟਰ ’ਚ ਹੁਣ ਤੱਕ 17,945 ਆਵਾਰਾ ਕੁਤਿਆਂ ਦੀ ਨਸਬੰਦੀ ਕੀਤੀ ਜਾ ਚੁੱਕੀ ਹੈ ਅਤੇ ਪਹਿਲੇ ਟੈਂਡਰ ਦੀ ਮਿਆਦ 3 ਅਗਸਤ ਨੂੰ ਖ਼ਤਮ ਹੋਣ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਨਗਰ ਨਿਗਮ ਵਲੋਂ ਪਹਿਲਾ ਹੀ ਹੋਰ 20,000 ਅਵਾਰਾ ਕੁਤਿਆਂ ਦੀ ਨਸਬੰਦੀ ਲਈ ਯੋਜਨਾ ਤਿਆਰ ਕੀਤੀ ਹੈ ਜਿਸ ਨੂੰ ਨਿਗਮ ਹਾਊਸ ਵੱਲੋਂ ਸਰਬਸੰਮਤੀ ਨਾਲ ਪ੍ਰਵਾਨ ਕਰਕੇ ਸਰਕਾਰ ਨੂੰ ਭੇਜਿਆ ਗਿਆ ਸੀ ਜਿਸ ਦੀ ਮਨਜ਼ੂਰੀ ਆ ਚੁਕੀ ਹੈ ਅਤੇ ਹੁਣ ਟੈੰਡਰ ਲਗਾਉਣ ਤੋ ਪਹਿਲਾ ਇਸ ਸਥਾਨਕ ਸਰਕਾਰ ਨੂੰ ਭੇਜਿਆ ਗਿਆ ਹੈ।