ਟਾਂਡਾ ’ਚ ਆੜ੍ਹਤੀ ਯੂਨੀਅਨ ਵੱਲੋਂ ਦੋ ਦਿਨ ਲਈ ਖ਼ਰੀਦ ਬੰਦ ਕਰਨ ਦਾ ਐਲਾਨ
ਆੜ੍ਹਤੀ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ, ਸੁਖਵਿੰਦਰਜੀਤ ਸਿੰਘ ਬੀਰਾ ਅਤੇ ਹੋਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਲਈ ਨਮੀ ਦੀ ਮਾਤਰਾ 17 ਫ਼ੀਸਦੀ ਤੈਅ ਕੀਤੀ ਗਈ ਹੈ, ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਫ਼ਸਲ ਨੂੰ ਪੂਰੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ਵਿਚ ਲਿਆਉਣ। ਕਿਸਾਨ ਮੰਡੀ ਵਿਚ 21 ਤੋਂ 24 ਫ਼ੀਸਦੀ ਨਮੀ ਵਾਲਾ ਝੋਨਾ ਲੈ ਕੇ ਆ ਰਹੇ ਹਨ, ਜਿਸ ਕਰਕੇ ਉਨ੍ਹਾਂ ਨੂੰ ਕਈ ਦਿਨ ਝੋਨਾ ਸੁਕਾਉਣ ਲਈ ਲੇਬਰ ਕੋਲੋਂ ਕੰਮ ਲੈਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦਾਣਾ ਮੰਡੀ ਗਿੱਲੇ ਝੋਨੇ ਨਾਲ ਭਰ ਗਈ ਗਈ ਹੈ ਉਸ ਨੂੰ ਸੁਕਾਉਣ ਲਈ ਕੋਈ ਜਗ੍ਹਾ ਨਹੀਂ ਮਿਲ ਰਹੀ ਹੈ। ਆਗੂਆਂ ਨੇ ਆਖਿਆ ਕਿ ਇਸੇ ਲਈ ਉਨ੍ਹਾਂ ਫੈਸਲਾ ਲਿਆ ਹੈ ਕਿ ਉਹ 17 ਫ਼ੀਸਦੀ ਤੋਂ ਵੱਧ ਦੀ ਨਮੀ ਵਾਲੇ ਝੋਨੇ ਨੂੰ ਲੈ ਕੇ ਆਉਣ ਵਾਲੇ ਕਿਸਾਨਾਂ ਦੀਆਂ ਟਰਾਲੀਆਂ ਵਿੱਚੋ ਝੋਨਾ ਨਹੀਂ ਲੁਹਾਉਣਗੇ ਅਤੇ ਨਾ ਖਰੀਦ ਕਰਨਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 17 ਫ਼ੀਸਦੀ ਤੱਕ ਨਮੀ ਵਾਲਾ ਝੋਨਾ ਹੀ ਮੰਡੀ ਵਿਚ ਲੈਕੇ ਆਉਣ। ਇਸ ਮੌਕੇ ਗੁਰਬਖਸ਼ ਸਿੰਘ, ਓਮ ਪੁਰੀ, ਤਰਲੋਕ ਸਿੰਘ, ਸ਼ੇਰੂ ਪੁਰੀ, ਸੁਨੀਤ ਪੁਰੀ, ਬਿੱਕਰ ਸਿੰਘ ਸਹਿਬਾਜ਼ਪੁਰ, ਸੁਰੇਸ਼ ਜੈਨ ਅਤੇ ਜੋਗਿੰਦਰ ਸਿੰਘ ਮੌਜੂਦ ਸਨ।