ਦਸ ਦਿਨ ਪਹਿਲਾਂ ਵਿਆਹਿਆ ਨੌਜਵਾਨ ਨਾਲੇ ਵਿੱਚ ਡਿੱਗਿਆ
ਪੈਰ ਤਿਲਕਣ ਨਾਲ ਇੱਕ 22 ਸਾਲਾ ਨੌਜਵਾਨ ਕਲਾਨੌਰ ਨੇੜੇ ਬਰਸਾਤੀ ਕਿਰਨ ਨਾਲੇ ਵਿਚ ਡੁੱਬ ਗਿਆ ਹੈ। ਇਸ ਦੀ ਪਛਾਣ ਰਾਜੂ ਨਾਮ ਦਾ ਨੌਜਵਾਨ ਵਜੋਂ ਹੋਈ ਹੈ ਜੋ ਨਾਲੇ ਵਿੱਚ ਹੱਥ ਧੋ ਰਿਹਾ ਸੀ। ਉਸ ਦਾ ਵਿਆਹ ਅਜੇ 10 ਦਿਨ ਪਹਿਲਾਂ ਹੀ ਹੋਇਆ ਸੀ। ਐਨ ਡੀ ਆਰ ਐੱਫ ਦੀਆਂ ਟੀਮਾਂ ਡੁੱਬੇ ਨੌਜਵਾਨ ਦੀ ਭਾਲ ਕਰ ਰਹੀਆਂ ਹਨ ਪਰ ਪਾਣੀ ਕਾਫ਼ੀ ਡੂੰਘਾ ਹੋਣ ਕਾਰਨ ਅਜੇ ਤੱਕ ਉਸ ਦਾ ਕੁਝ ਪਤਾ ਨਹੀਂ ਲੱਗਿਆ ਹੈ। ਨੌਜਵਾਨ ਕਿਰਨ ਨਾਲੇ ਦੇ ਕੁਝ ਦੂਰੀ ’ਤੇ ਹੀ ਬਣੀਆਂ ਝੁੱਗੀਆਂ ਝੌਂਪੜੀਆਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਇੱਕ ਸੈਲੂਨ ਵਿੱਚ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਪਹਿਲਾਂ ਪੁਲੀਸ ਮੁਲਾਜ਼ਮਾਂ ਵੱਲੋਂ ਵੀ ਵਰਦੀਆਂ ਉਤਾਰ ਕੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਨਾਲਾ ਪੂਰੇ ਉਫਾਨ ’ਤੇ ਹੋਣ ਕਰਨ ਸਫਲਤਾ ਹਾਸਲ ਨਹੀਂ ਹੋਈ ਤਾਂ ਐਨ ਡੀ ਆਰ ਐੱਫ਼ ਦੀ ਟੀਮ ਮੰਗਾਈ ਗਈ। ਦੱਸਣਯੋਗ ਹੈ ਕਿ ਰਾਵੀ ਦਰਿਆ ਦੇ ਹੜ੍ਹ ਦਾ ਪਾਣੀ ਕਿਰਨ ਨਾਲੇ ਵਿੱਚ ਮਿਲਣ ਕਾਰਨ ਇਹ ਨਾਲ ਆਪਣਾ ਭਿਆਨਕ ਰੂਪ ਦਿਖਾ ਰਿਹਾ ਹੈ । ਪਹਿਲਾਂ ਵੀ ਕਿਰਨ ਨਾਲਾ ਪਿੰਡ ਚੱਗੂਵਾਲ ਨੇੜੇ ਦੋ ਵਿਅਕਤੀਆਂ ਦੀ ਜਾਨ ਲੈ ਚੁੱਕਿਆ ਹੈ ਤੇ ਹਜ਼ਾਰਾਂ ਏਕੜ ਫ਼ਸਲਾਂ ਵੀ ਇਸ ਨਾਲੇ ਚਪੇਟ ਵਿਚੋਂ ਆਉਣ ਕਾਰਨ ਖ਼ਰਾਬ ਹੋ ਚੁੱਕੀਆਂ ਹਨ। ਦੂਜੇ ਪਾਸੇ ਲਾਪਤਾ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰ ਪ੍ਰੇਸ਼ਾਨ ਹਨ।