ਪੰਜਾਬ ਤੇ ਹਰਿਆਣਾ ਦੇ ਨੌਜਵਾਨਾਂ ਦੀ ਡੰਕਰਾਂ ਨੇ ਕੀਤੀ ਹੱਤਿਆ
ਥਾਣਾ ਦਸੂਹਾ ਅਧੀਨ ਆਉਦੇ ਪਿੰਡ ਰਾਘੋਵਾਲ ਦੇ 21 ਸਾਲਾ ਨੌਜਵਾਨ ਸਾਹਿਬ ਇਕ ਸਾਲ ਪਹਿਲਾ ਅਮਰੀਕਾ ਜਾਣ ਲਈ ਘਰੋਂ ਰਵਾਨਾ ਹੋਇਆ ਸੀ, ਦੇ ਗੁਆਟੇਮਾਲਾ ਵਿਚ ਡੰਕਰਾਂ ਰਾਹੀਂ ਹੱਤਿਆ ਕੀਤੇ ਜਾਣ ਦਾ ਪਤਾ ਲੱਗਿਆ ਹੈ। ਇਹ ਹੱਤਿਆ ਕੁਝ ਮਹੀਨੇ ਪਹਿਲਾਂ ਹੀ ਕਰ ਦਿੱਤੀ ਗਈ ਸੀ ਪਰ ਪਰਿਵਾਰ ਨੂੰ ਇਸ ਦੀ ਸੂਚਨਾ ਬੀਤੇ ਦਿਨ ਪ੍ਰਾਪਤ ਹੋਈ ਜਦੋਂ ਸਾਹਿਬ ਸਿੰਘ ਨਾਲ ਗਏ ਹਰਿਆਣਾ ਦੇ ਇਕ ਹੋਰ ਨੌਜਵਾਨ ਦੇ ਪਰਿਵਾਰ ਨੇ ਦੱਸਿਆ ਕਿ ਦੋਹਾਂ ਨੂੰ ਡੰਕਰਾਂ ਨੇ ਖਤਮ ਕਰ ਦਿੱਤਾ ਹੈ। ਹਰਿਆਣਾ ਦੇ ਪਰਿਵਾਰ ਨੇ ਜਦੋਂ ਆਪਣੇ ਬੇਟੇ ਯੁਵਰਾਜ ਸਿੰਘ ਬਾਰੇ ਪੁੱਛਗਿਛ ਕੀਤੀ ਜਾਂ ਪਤਾ ਲੱਗਿਆ ਕਿ ਦੋਹਾਂ ਨੌਜਵਾਨਾਂ ਨੂੰ ਡੰਕਰਾਂ ਨੇ ਕਾਫੀ ਸਮਾਂ ਪਹਿਲ ਹੀ ਮਾਰ ਦਿੱਤਾ ਸੀ। ਪਰਿਵਾਰ ਨੇ ਯਤਨ ਕਰਕੇ ਮੈਕਸਿਕੋ ਦੇ ਇਕ ਹਸਪਤਾਲ ਤੋਂ ਮੌਤ ਦੇ ਸਰਟੀਫਿਕੇਟ ਮੰਗਵਾਏ ਤਾਂ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਹੋਈ। ਸਾਹਿਬ ਸਿੰਘ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਜ਼ਮੀਨ ਵੇਚ ਕੇ ਤੇ ਉਧਾਰ ਲੈ ਕੇ ਹਰਿਆਣਾ ਦੇ ਇਕ ਟਰੈਵਲ ਏਜੰਟ ਨੂੰ 50 ਲੱਖ ਰੁਪਏ ਦਿੱਤੇ ਸਨ ਪਰ ਏਜੰਟ ਨੇ ਸਿੱਧਾ ਅਮਰੀਕਾ ਭੇਜਣ ਦੀ ਬਜਾਏ ਡੰਕੀ ਰੂਟ ਰਾਹੀਂ ਭੇਜ ਦਿੱਤਾ। ਪਰਿਵਾਰ ਨੂੰ ਜਿੰਨੀ ਕੁ ਸੂਚਨਾ ਮਿਲੀ ਹੈ ਉਸ ਅਨੁਸਾਰ ਗੁਆਟੇਮਾਲਾ ਵਿਚ ਡੰਕਰਾਂ ਨੇ ਮੁੰਡਿਆਂ ਨੂੰ ਬੰਦੀ ਬਣਾ ਲਿਆ ਤੇ ਉਨ੍ਹਾਂ ਦੀਆਂ ਵੀਡੀਓ ਬਣਾ ਕੇ ਪਰਿਵਾਰਾਂ ਤੋ ਪੈਸੇ ਦੀ ਮੰਗ ਕੀਤੀ ਸੀ। ਸੁਰਜੀਤ ਸਿੰਘ ਨੇ ਦੱਸਿਆ ਕਿ ਉੁਨ੍ਹਾਂ ਤੋਂ 20 ਹਜ਼ਾਰ ਡਾਲਰ ਮੰਗੇ ਗਏ ਸਨ। ਜਦੋਂ ਉਨ੍ਹਾਂ ਨੇ ਹਰਿਆਣਾ ਦੇ ਏਜੰਟ ਨਾਲ ਸੰਪਰਕ ਕੀਤਾ ਤਾਂ ਉਸ ਨੇ ਫੋਨ ਬੰਦ ਕਰ ਦਿੱਤਾ। ਉਨ੍ਹਾਂ ਨੇ ਜਦੋਂ ਦਸੂਹਾ ਪੁਲੀਸ ਨੂੰ ਦਰਖਾਸਤ ਦਿੱਤੀ ਤਾਂ ਏਜੰਟ ਦਵਿੰਦਰ ਸਿੰਘ ਤੇ ਉਸ ਦੀ ਪਤਨੀ ਰਮਨਦੀਪ ਕੌਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ। ਸੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਉਨ੍ਹਾਂ ਦਾ ਆਪਣੇ ਲੜਕੇ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੂੰ ਹਰਿਆਣਾ ਦੇ ਪਰਿਵਾਰ ਤੋਂ ਪਤਾ ਕਿ ਉਸ ਨੂੰ ਡੰਕਰਾਂ ਨੇ ਮਾਰ ਦਿੱਤਾ ਹੈ। ਮਾਮਲੇ ਦੀ ਜਾਂਚ ਕਰਨ ਵਾਲੇ ਏ.ਐਸ.ਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਟਰੈਵਲ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਪਰ ਉਸ ਦੀ ਪਤਨੀ ਫਰਾਰ ਹੈ।
